charcha

HOME
PAGE
ਕੱਚ ਸੱਚ
to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
janmeja
ਜਨਮੇਜਾ ਸਿੰਘ ਜੌਹਲ

ਚੱਲ ਜਨਮੇਜੇ, ਕਸ਼ਮੀਰ ਵਿਖਾਅ

- ਜਨਮੇਜਾ ਸਿੰਘ ਜੌਹਲ

ਕੈਨੇਡਾ ਤੋਂ ਸੁੱਚੇ ਦੀਪਕ ਨਾਲ ਗੱਲਬਾਤ ਚੱਲ ਰਹੀ ਸੀ। ਗੱਲਾਂ ਵਿੱਚ ਪਤਾ ਲੱਗਾ ਕਿ ਉਸਨੇ ਦੁਨੀਆਂ ਤਾਂ ਬਹੁਤ ਸਾਰੀ ਦੇਖ ਲਈ ਹੈ ਪਰ ਕਸ਼ਮੀਰ ਨਹੀਂ ਵੇਖਿਆ। ਮੇਰੇ ਇਹ ਦੱਸਣ 'ਤੇ ਕਿ ਮੈਂ ਤਾਂ 1973 ਤੋਂ ਕਸ਼ਮੀਰ ਜਾਂਦਾ ਹਾਂ ਤੇ ਉਥੇ ਦੀ ਖੂਬਸੂਰਤੀ ਤੇ ਮੌਸਮ ਦਾ ਦੀਵਾਨਾ ਹਾਂ। ਉਸਦੀ ਉਤਸੁਕਤਾ ਹੋਰ ਵੱਧ ਗਈ। ਪਿਛਲੇ ਮਹੀਨੇ ਫੇਰ ਸੁੱਚੇ ਦਾ ਫੋਨ ਆਇਆ, ‘ਚੱਲ ਜਨਮੇਜਾ ਕਸ਼ਮੀਰ ਵਿਖਾਅ', ਮੈਂ ਪਿੰਡ ਪਹੁੰਚ ਗਿਆ ਹਾਂ। ਕੁਝ ਦਿਨਾਂ ਦੀ ਰਾਹਤ ਮੰਗ ਕਿ ਮੈਂ ਉਸਨੂੰ ਦੱਸਿਆ ਕਿ ਮੇਰੇ ਨਾਲ ਮੇਰੇ ਦੋਸਤ ਸਰਪੰਚ ਸਾਹਿਬ ਵੀ ਹੋਣਗੇ ਜੋ ਤਰਕਸ਼ੀਲ ਹਨ। ਸੁੱਚਾ ਥੋੜਾ ਜਿਹਾ ‘ਤਰਕਸ਼ੀਲ' ਸ਼ਬਦ ਤੋਂ ਝੇਂਪਿਆ ਤੇ ਫੇਰ ਉਸਨੇ ਮਿੱਥੀ ਤਰੀਕ ਨੂੰ ‘ਤਿਆਰ ਰਹਾਂਗਾ' ਆਖ ਦਿੱਤਾ।
ਸ਼ਨੀਵਾਰ ਨੂੰ ਮੈਂ ਸਵੇਰੇ 6 ਵਜੇ ਲੁਧਿਆਣੇ ਦੀ ਸਬਜ਼ੀ ਮੰਡੀ ਪਹੁੰਚ ਗਿਆ। ਉਥੋਂ 60 ਕਿਲੋ ਖਰਬੂਜੇ, 2 ਰੁਪਏ ਕਿਲੋ ਦੇ ਹਿਸਾਬ, 25 ਕਿਲੋ ਤਰਬੂਜ਼ ਵੀ 2 ਰੁਪਏ ਕਿਲੋ ਦੇ ਹਿਸਾਬ, 25 ਕਿਲੋ ਅੰਬ 20 ਰੁਪਏ ਕਿੱਲੋ ਦੇ ਹਿਸਾਬ ਖ੍ਰੀਦ ਲਏ। ਸ਼ਾਮ ਨੂੰ ਇਹਨਾਂ ਵਿੱਚੋਂ 25 ਕਿਲੋ ਖਰਬੂਜ਼ੇ, 15 ਕਿਲੋ ਤਰਬੂਜ ਤੇ 10 ਕਿਲੋ ਅੰਬ ਅਲੱਗ ਕਰ ਲਏ। ਰਾਤ ਨੂੰ ਮੈਂ ਆਪਣੇ ਕੈਮਰੇ ਦੀਆਂ ਬੈਟਰੀਆਂ ਚਾਰਜ ਕਰ ਲੀਆਂ ਤੇ ਚਾਰਜਰ ਵਗੈਰਾ ਵੀ ਬੈਗ ਵਿਚ ਸੁੱਟ ਲਏ। ਫੋਨ ਵੀ ਕਾਇਮ ਕਰ ਲਿਆ।
‘ਸਫਰ ਟਰੈਕਰ' ਦੇ ਸੈਲ ਵੀ ਚਾਰਜ ਕਰ ਲਏ। ਫੋਨ ਦੇ ਨੈਵੀਗੇਟਰ ਉਤੇ ਸਥਾਨ ਮਿੱਥ ਲਏ, ਗੂਗਲ ਤੋਂ ਰੂਟ ਮੈਪ ਵੀ ਲਾਹ ਕਿ ਪ੍ਰਿੰਟ ਕਰ ਲਿਆ। ਇਸੇ ਤਰ੍ਹਾਂ 6 ਕਮੀਜ਼ਾਂ, ਦੋ ਪੈਂਟਾਂ ਤੇ ਦੋ ਪਗੜੀਆਂ, ਟੋਪੀ, ਪਰਨਾ ਤੇ ਆਮ ਦਵਾਈਆਂ (ਪੇਟ ਖਰਾਬ ਤੋਂ, ਸਿਰ ਦਰਦ, ਡਿਸਪਰਿਨ, ਬੈਂਡੇਜ਼, ਮਾਊਥਵਾਸ਼, ਬੈਟਨੋਵੇਟ ਆਦਿ) ਵੀ ਰੱਖ ਲਈਆਂ। ਕੈਮਰੇ ਦਾ ਮੁੱਖ ਸਟੈਂਡ ਤੇ ‘ਟਾਹਣੀ' ਸਟੈਂਡ ਵੀ ਲੈ ਲਿਆ। ਇਹੋ ਜਿਹੇ ਟੂਰ ਵਾਸਤੇ ਮੈਂ ਦੋ ਕੈਮਰੇ ਵਰਤਦਾ ਹਾਂ, ਸੋਨੀ ਐਚ ਐਕਸ1 ਜੋ 40 ਗੁਣਾ ਜੂਮ ਕਰਦਾ ਹੈ ਤੇ 9 ਮੈਗਾ ਪਿਕਸਲ ਦਾ ਹੈ ਤੇ ਸੋਨੀ ਏ 55 ਜੋ ਵੱਡੇ ਫਰੇਮ ਦਾ ਪ੍ਰੋਫੈਸ਼ਨਲ ਕੈਮਰਾ ਹੈ। ਇਹ 16 ਮੈਗਾ ਪਿਕਸਲ ਦਾ ਕੈਮਰਾ ਹੈ ਜਿਸ ਨਾਲ ਅਲੱਗ ਅਲੱਗ ਲੈਨਜ ਲੱਗਦੇ ਹਨ। ਇਹ ਕੈਮਰਾ ਹਾਲੇ ਭਾਰਤ ਸਣੇ ਏਸ਼ੀਆ ਦੀ ਮਾਰਕੀਟ ਵਿਚ ਨਹੀਂ ਆਇਆ ਹੈ। ਇਸਦੇ ਗੁਣ ਅਸੀਮ ਹਨ। ਇਹ ਤਿੰਨ ਦਿਸ਼ਾਵੀਂ ‘3 ਡੀ' ਫੋਟੋਆਂ ਖਿੱਚਦਾ ਹੈ ਤੇ ਇਹ 224 ਡਿਗਰੀ ਤੱਕ ਦ੍ਰਿਸ਼ ਕੈਦ ਕਰ ਲੈਂਦਾ ਹੈ। ਇਹ ਕੈਮਰਾ ਵਰਤਣਾ ਥੋੜ੍ਹਾ ਔਖਾ ਹੈ, ਇਸ ਲਈ ਮੈਂ ਜਿਆਦਾਤਰ ਐਚ ਐਕਸ 1 ਹੀ ਵਰਤਦਾ ਹਾਂ।
ਸਵੇਰੇ 4 ਵਜੇ ਮੈਂ ਸਰਪੰਚ ਦਲਜੀਤ ਸਿੰਘ ਦੇ ਘਰ ਪਹੁੰਚ ਗਿਆ। ਦਲਜੀਤ ਸਿੰਘ, ਪਿੰਡ ਫੁੱਲਾਂਵਾਲ ਦੇ 9-10 ਸਾਲ ਖਾੜਕੂਵਾਦ ਵੇਲੇ ਸਰਪੰਚ ਰਹੇ ਸਨ। ਬੜੇ ਹੀ ਧੜੱਲੇਦਾਰ ਮਨੁੱਖ ਹਨ। ਕਾਲੇ ਦਿਨਾਂ ਵਿਚ ਉਹਨਾਂ ਆਪਣੇ ਪਿੰਡ ਦੇ ਵਿੱਚ ਕੋਈ ਵਾਰਦਾਤ ਨਹੀਂ ਹੋਣ ਦਿੱਤੀ। ਇਸ ਲਈ ਭਾਵੇਂ ਉਨ੍ਹਾਂ ਨੇ ਕਈ ਤਕਲੀਫਾਂ ਝੱਲੀਆਂ, ਖਾੜਕੂਆਂ ਤੇ ਪੁਲੀਸ ਦੋਵਾਂ ਦਾ ਗੁੱਸਾ ਵੀ ਝੱਲਣਾ ਪਿਆ। ਉਹ ਤਰਕ ਦੇ ਹਾਮੀ ਹਨ ਤੇ ਹਰ ਗੱਲ ਬਾ-ਦਲੀਲ ਕਰਦੇ ਹਨ। 8 ਸਾਲ ਦੀ ਉਮਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਤਕਰੀਬਨ ਪੂਰੀ ਬਾਣੀ ਹੀ ਕੰਠ ਹੈ। ਉਹ ਗੁਰਸਿੱਖ ਹਨ ਪਰ ਅੰਨੀ ਸ਼ਰਧਾ ਵਾਲੇ ਨਹੀਂ।
ਇੱਥੇ ਅਸੀਂ ਮੇਰੀ ਗੱਡੀ ਖੜੀ ਕਰ ਦਿੱਤੀ ਤੇ ਉਹਨਾਂ ਦੀ ਨਵੀਂ ਇੰਡੀਕਾ ਕਾਰ ਵਿੱਚ ਸਾਰਾ ਸਮਾਨ ਧਰ ਦਿੱਤਾ। ਛੋਟਾ ਛੋਟਾ ਸਮਾਨ ਹੀ ਐਨਾ ਹੋ ਗਿਆ ਕਿ ਸੁੱਚੇ ਨੂੰ ਬਿਠਾਉਣ ਜੋਗੀ ਹੀ ਜਗ੍ਹਾ ਬਚੀ ਸੀ। ਤਕਰੀਬਨ 4-30 ਵਜੇ ਅਸੀਂ ਘਰੋਂ ਤੁਰ ਪਏ। ਸਾਨੂੰ ਉਮੀਦ ਸੀ ਕਿ ਅਸੀਂ ਜਲੰਧਰ ਦੇ ਲਾਗੇ ਪਿੰਡ ਰਾਏਪੁਰ ਬੱਲਾਂ  (ਇਹ ਉਹੋ ਪਿੰਡ ਹੈ ਜਿੱਥੇ ਦੇ ਸੰਤ ਬੱਲਾਂ ਵਾਲਿਆਂ ਦਾ ਯੂਰਪ ਵਿਚ ਕਤਲ ਹੋ ਗਿਆ ਸੀ) ਵਿਖੇ ਘੰਟੇ ਵਿਚ ਪਹੁੰਚ ਜਾਵਾਂਗੇ। ਪਰ ਅੱਜ ਸਵੇਰੇ ਸਵੇਰੇ ਟ੍ਰੈਫਿਕ ਬੇਸ਼ੁਮਾਰ ਸੀ। ਅਸੀਂ 6 ਵਜੇ ਸੁੱਚੇ ਦੇ ਪਿੰਡ ਪਹੁੰਚੇ। ਸੁੱਚਾ ਸਾਡੀ ਉਡੀਕ ਕਰ ਰਿਹਾ ਸੀ। ਉਸਨੇ ਆਂਡੇ ਅਤੇ ਚਾਹ ਬਣਵਾ ਕਿ ਰੱਖੀ ਹੋਈ ਸੀ। ਸੁੱਚਾ ਕਿਉਂਕਿ ਰੋਟੀ ਨਹੀਂ ਖਾਂਦਾ ਇਸ ਲਈ ਉਹ ਇਹੋ ਜਿਹਾ ਕਈ ਕੁਝ ਤੇ ਸਲਾਦ ਵਗੈਰਾ ਹੀ ਖਾਂਦਾ ਹੈ। ਸੁੱਚਾ ਕੈਨੇਡਾ ਵੱਸਦਾ ਹੈ ਤੇ ਉੱਥੇ 1972 ਵਿਚ ਗਿਆ ਸੀ। ਕਈ ਸਾਲ ਉਥੇ ਮਜ਼ਦੂਰੀ ਕੀਤੀ ਤੇ ਫੇਰ ਮਜ਼ਦੂਰਾਂ ਦਾ ਲੀਡਰ ਬਣ ਕਿ ਕੁਲ ਵਕਤੀ ਸੇਵਾ ਕੀਤੀ। ਉਹ ਪੰਜਾਬੀ ਕੌਮ ਦੇ ਮੁੱਦੇ 'ਤੇ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾ ਚੁੱਕਾ ਹੈ। ਦੋ ਕੈਨੇਡਾ ਵਿਚ ਤੇ ਇੱਕ ਜਲੰਧਰ ਵਿਚ। ਸੁੱਚੇ ਦਾ ਭਾਰ ਬਹੁਤ ਸੀ। ਸ਼ਾਇਦ ਲਗਭਗ ਪੌਣੇ ਦੋ ਕੁਇੰਟਲ। ਉਸਨੇ ਭਾਰ ਘਟਾਉਣ ਦੇ ਕਈ ਉਪਰਾਲੇ ਕੀਤੇ ਪਰ ਸਭ ਵਿਚ ਫੇਲ੍ਹ ਹੋ ਗਿਆ। ਆਖਿਰ ਉਸਨੇ ਮਿੱਠਾ, ਕਣਕ ਦਾ ਆਟਾ ਤੇ ਚਾਵਲ ਖਾਣੇ ਛੱਡ ਦਿੱਤੇ। ਹਰੀਆਂ ਸਬਜ਼ੀਆਂ, ਸਲਾਦ ਤੇ ਪ੍ਰੋਟੀਨ ਹੀ ਖੁਰਾਕ ਵਿਚ ਲਏ। ਸਿਰਫ 8 ਮਹੀਨਿਆਂ ਵਿਚ ਉਸਨੇ 55 ਕਿਲੋ ਭਾਰ ਘਟਾ ਲਿਆ।ਹੁਣ ਉਹ ਦੇਖਣ ਨੂੰ ‘ਸਮਾਰਟ' ਲੱਗ ਰਿਹਾ ਸੀ।
ਅਸੀਂ ਥੋੜ੍ਹਾ ਥੋੜ੍ਹਾ ਖਾਧਾ ਤੇ ਬਾਕੀ ਪੱਲੇ ਬੰਨ੍ਹ ਲਿਆ।ਚਾਹ ਦੀ ਧਰਮੋਸ ਵੀ ਰੱਖ ਲਈ। ਕਰੀਬ ਸੱਤ ਵਜੇ ਸਰਪੰਚ ਸਾਹਿਬ ਨੇ ਕਾਰ ਦੀ ਕਿੱਲੀ ਪਠਾਨਕੋਟ ਵਾਲੀ ਸੜਕ ਵਲ ਨੂੰ ਨੱਪ ਦਿੱਤੀ। ਪਿੰਡੋਂ ਨਿਕਲ ਕਾਰ ਸੜਕ ਨੂੰ ਤੇਜ਼ੀ ਨਾਲ ਪਿੱਛੇ ਛੱਡਣ ਲੱਗੀ। ਸੁੱਚਾ ਮੇਰੇ ਦੱਸੇ ਹੋਏ ਵੇਰਵੇ ਕਰਕੇ ‘ਤਰਕਸ਼ੀਲ' ਸਰਪੰਚ ਨਾਲ ਖੁੱਲ ਕਿ ਗੱਲ ਨਹੀਂ ਸੀ ਕਰ ਰਿਹਾ। ਉਸਨੂੰ ਡਰ ਸੀ ਕਿ ਇਹ ਤਰਕਸ਼ੀਲ ਕੁਝ ਹੋਰ ਕਿਸਮ ਦੇ ਹੁੰਦੇ ਹਨ। ਪਰ ਛੇਤੀ ਹੀ ਸਰਪੰਚ ਦੀਆਂ ਗੱਲਾਂ ਨੇ ਸੁੱਚੇ ਨੂੰ ਅਸਲੀ ਤਰਕ-ਸ਼ੀਲਤਾ ਦੀ ਝਲਕ ਦਿਖਾ ਦਿੱਤੀ। ਹੁਣ ਦੋਵੇਂ ਖੁੱਲ ਕਿ ਸਿਆਸਤ, ਧਰਮ, ਸਮਾਜ ਤੇ ਸਭਿਆਚਾਰ ਦੀਆਂ ਪਰਤਾਂ ਖੋਲ ਰਹੇ ਸਨ। ਦੋਨੇ ਇੱਕ ਦੂਜੇ ਦੇ ਪੂਰਕ ਲੱਗ ਰਹੇ ਸਨ। ਮੈਂ ਕਿਤੇ ਹੀ ਹੁੰਗਾਰਾ ਭਰਦਾ ਜਾਂ ਇਹ ਕਹਿ ਲਵੋ ਕਿ ਦੋਨੋਂ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦੇਂਦੇ ਸਨ। ਏਸੇ ਲਈ ਮੈਂ ਵਿਚੇ ਵਿਚ ਨੀਂਦ ਦਾ ਨਜ਼ਾਰਾ ਵੀ ਲੈ ਲੈਂਦਾ। ਜਲੰਧਰ ਪਠਾਨਕੋਟ ਦੀ ਸੜਕ ਬਣ ਰਹੀ ਹੈ। ਲੋਕ ਬਿੰਨਾਂ ਖਿਆਲ ਕੀਤਿਆਂ ਹੀ ਗੱਡੀਆਂ ਤੇਜ ਭਜਾਉਂਦੇ ਹਨ। ਸਭ ਤੋਂ ਮਾੜੀ ਘਟਨਾ ਇਕ ਐਂਬੂਲੈਂਸ ਦੀ ਦੇਖੀ ਜੋ ਤੇਜ ਰਫਤਾਰ ਕਰਕੇ ਸੜਕ ਤੋਂ 12 ਫੁੱਟ ਨੀਚੇ ਉੱਲਟੀ ਪਈ ਸੀ। ਹੁਣ ਇਹ ਤਾਂ ਪਤਾ ਨਹੀਂ ਕਿ ਕੌਣ ਕੌਣ ਹਸਪਤਾਲ ਪਹੁੰਚਿਆ ਤੇ ਕੌਣ ਕੌਣ ਰੱਬ ਕੋਲ। ਖੈਰ ਅਸੀਂ ਚਲਦੇ ਗਏ। ਇਹ ਸਫਰ ਅਸੀਂ ਗੱਲਾਂ ਗੱਲਾਂ ਵਿਚ ਹੀ ਨਬੇੜ ਲਿਆ। ਪਠਾਨਕੋਟ ਤੋਂ ਬਾਅਦ ਸਾਨੂੰ ਪਤਾ ਲੱਗਾ ਸੀ ਕਿ ਇਕ ਬਾਈਪਾਸ ਊਧਮਪੁਰ ਨੂੰ ਨਵਾਂ ਨਿਕਲਿਆ ਹੈ। ਇਹ ਬਾਈਪਾਸ ਸਾਡੇ ਨਕਸ਼ੇ ਵਿਖਾ ਰਹੇ ਸਨ ਪਰ ਕਿਤੇ ਕੋਈ ਨਿਸ਼ਾਨੀ ਨਹੀਂ ਸੀ। ਉਥੋਂ ਜਦੋਂ ਅਸੀਂ ਲਖਨਪੁਰ ਪਹੁੰਚੇ ਤਾਂ ਸਾਡੇ ਫੋਨ ਵੀ ਸਰਕਾਰੀ ਕਾਨੂੰਨ ਅਨੁਸਾਰ ਬੰਦ ਹੋ ਗਏ। ਜੰਮੂ-ਕਸ਼ਮੀਰ ਵਿਚ ਸਿਰਫ ਬਿੱਲ ਵਾਲੇ ਫੋਨ ਹੀ ਚਲਦੇ ਹਨ। ਪ੍ਰੀਪੇਡ ਫੋਨ ਬੰਦ ਹੋ ਜਾਂਦੇ ਹਨ। ਫੋਨ ਦੇ ਨੇਵੀਗੇਟਰ ਉਤੇ ਕਸ਼ਮੀਰ ਦਾ ਨਕਸ਼ਾ ਵੀ ਨਹੀਂ ਬਣਿਆ ਹੋਇਆ ਸੀ। ਅਸੀਂ ਕਿਸੇ ਨੂੰ ਫੋਨ ਕਰਕੇ ਵੀ ਪੁੱਛ ਨਹੀਂ ਸਕਦੇ ਸਾਂ। ਇੱਕ ਦੋ ਜਣਿਆਂ ਨੂੰ ਅਸੀਂ ਕਾਰ ਰੋਕ ਕਿ ਰਾਹ ਪੁੱਛਿਆ ਪਰ ਉਹ ਵੀ ਅਣਜਾਣ ਨਿਕਲੇ। ਖੈਰ ਅਸੀਂ ਚਲਦੇ ਗਏ। ਥੋੜ੍ਹੀ ਦੂਰ ਤੇ ਕਿਸੇ ਦੱਸਿਆ ਕਿ ਅੱਗੇ ਜੰਮੂ ਬਾਈਪਾਸ ਹੈ। ਅਸੀਂ 12 ਕਿਲੋਮੀਟਰ ਬਾਅਦ ਬਾਈਪਾਸ 'ਤੇ ਪਹੁੰਚੇ। ਨਿਸ਼ਾਨੀ ਇੱਥੇ ਵੀ ਕੋਈ ਨਹੀਂ ਸੀ। ਅਸੀਂ ਪੁੱਛ ਪੁੱਛਾ ਇੱਥੋਂ ਸੱਜੇ ਨੂੰ ਮੁੜ ਗਏ। ਜੰਮੂ ਨੂੰ ਕੱਟਦਾ ਇਹ ਬਾਈਪਾਸ ਸਾਨੂੰ ਨਗਰੋਟੇ ਦੇ ਕੋਲ ਲੈ ਗਿਆ।
ਇੱਥੋਂ ਕਸ਼ਮੀਰ ਦਾ ਅਸਲੀ ਸਫਰ ਸ਼ੁਰੂ ਹੋਇਆ। ਹਾਲੇ ਗਰਮੀ ਤੋਂ ਰਾਹਤ ਨਹੀਂ ਸੀ। ਪਰ ਕਾਰ ਦੇ ਏ ਸੀ ਨੇ ਪਤਾ ਹੀ ਨਹੀਂ ਲੱਗਣ ਦਿੱਤਾ। ਬਜ਼ਾਰੀਕਰਣ ਦੇ ਯੁੱਗ ਨੇ ਕੋਈ ਥਾਂ ਇਹੋ ਜਿਹੀ ਨਹੀਂ ਛੱਡੀ ਸੀ ਜਿੱਥੇ ਦੁਕਾਨ ਨਾ ਖੁੱਲੀ ਹੋਈ ਹੋਵੇ। ਕੁਦਰਤੀ ਨਜ਼ਾਰਿਆਂ ਨੂੰ ਇਹ ਦੁਕਾਨਾਂ ਤੇ ਬਿਜਲੀ ਦੀਆਂ ਤਾਰਾਂ, ਗ੍ਰਹਿਣ ਵਾਂਗ ਲੱਗੀਆਂ ਹੋਈਆਂ ਸਨ। ਸੁੱਚੇ ਤੇ ਸਰਪੰਚ ਦੀ ਸ਼ਬਦੀ ਗੱਡੀ ਕਰਕੇ ਵੀ ਕਈ ਵਾਰੀ ਚੰਗੇ ਚੰਗੇ ਦ੍ਰਿਸ਼ ਦੇਖਣੋ ਰਹਿ ਜਾਂਦੇ। ਪਰ ਮੇਰਾ ਧਿਆਨ ਗੱਲਾਂ ਵੱਲ ਘੱਟ ਤੇ ਦ੍ਰਿਸ਼ਾਂ ਵੱਲ ਵੱਧ ਸੀ। ਨਾਲੇ ਮੈਂ ਹਮੇਸ਼ਾ ਚਾਹ ਪਾਣੀ ਪੀਣ ਲਈ ਕਿਸੇ ਚੰਗੀ ਰਮਣੀਕ ਥਾਂ ਦੀ ਤਲਾਸ਼ ਵਿਚ ਸੀ। ਮੈਨੂੰ ਲੱਗ ਰਿਹਾ ਸੀ ਕਿ ਜੇਕਰ ਥਰਮੋਸ ਵਾਲੀ ਚਾਹ ਸਮੇਂ ਸਿਰ ਨਾ ਪੀਤੀ ਤਾਂ ਕਿਤੇ ਇਹ ਖਰਾਬ ਹੀ ਨਾ ਹੋ ਜਾਵੇ। ਇਸ ਲਈ ਮੈਂ ਜਦੋਂ ਮੌਕਾ ਲੱਗਦਾ ਤਾਂ ਗੱਡੀ ਰੁਕਵਾ ਲੈਂਦਾ ਜਾਂ ਹੌਲੀ ਕਰਵਾ ਲੈਂਦਾ। ਇਸ ਤਰ੍ਹਾਂ ਇਹ ਸਫਰ ਨਿਰੰਤਰ ਚਲਦਾ ਰਿਹਾ। ਸੜਕ ਉੱਤੇ ਟਰੱਕਾਂ ਦੀ ਟਰੈਫਿਕ ਕਾਫੀ ਸੀ। ਕਈ ਵਾਰੀ ਦੋ ਦੋ ਜਾਂ ਤਿੰਨ-ਤਿੰਨ, ਲੰਮੇ ਟਰੱਕ ਅੱਗੜ ਪਿੱਛੜ ਨਾਲ ਲੱਗਦੇ ਚਲਦੇ ਸਨ। ਇਸ ਕਰਕੇ ਇਹਨਾਂ ਤੋਂ ਅੱਗੇ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਸੀ। ਟਰੈਫਿਕ ਨਿਯਮ ਨਾਂ ਕੋਈ ਸਿਖਾਉਂਦਾ ਹੈ ਤੇ ਨਾ ਹੀ ਕੋਈ ਸਿੱਖਦਾ ਹੈ। ਰੱਬ ਦੀ ਭਾਰਤ ਵਿਚ ਮੌਜੂਦਗੀ ਦਾ ਇੱਥੋਂ ਹੀ ਪਤਾ ਚਲਦਾ ਹੈ ਕਿ ਕਿਵੇਂ ਉਹ ਇਸ ਦੇਸ਼ ਨੂੰ ਚਲਾ ਰਿਹਾ ਹੈ। ਰਾਹ ਵਿਚ ਇੱਕ ਥਾਂ ਅਸੀਂ ਰੋਟੀ ਖਾਧੀ, ਸੁੱਚੇ ਨੇ ਦਾਲ ਹੀ ਲਈ ਤੇ ਨਾਲ ਸਲਾਦ ਪਰ ਅਸੀਂ ਦੋਵਾਂ ਰੋਟੀ ਤੇ ਹੀ ਟੇਕ ਰੱਖੀ ਕਿਉਂਕਿ ਸਾਡਾ ਸਰੀਰਕ ਭਾਰ ਪਹਿਲੋਂ ਹੀ ਠੀਕ ਹੈ ਇਸ ਲਈ ਅਸੀਂ ਸੁੱਚੇ ਦਾ ਫਾਰਮੂਲਾ ਨਹੀਂ ਸੀ ਅਪਨਾਉਣਾ ਚਾਹੁੰਦੇ।
ਕੁੱਝ ਦਿਨਾਂ ਤੱਕ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਸੀ, ਇਸ ਲਈ ਟਰੱਕਾਂ ਵਿਚ ਸਪਲਾਈ ਜ਼ੋਰਾਂ 'ਤੇ ਸੀ। ਇਹ ਵੇਖ ਕਿ ਹੈਰਾਨੀ ਹੋ ਰਹੀ ਸੀ ਕਿ ਦਿੱਲੀ ਦੀਆਂ ਟੈਕਸੀਆਂ ਦੀ ਭਰਮਾਰ ਸੀ। ਇਸੇ ਤਰ੍ਹਾਂ ਦੱਖਣੀ ਭਾਰਤ ਦੀਆਂ ਟੂਰਿਸਟ ਬੱਸਾਂ ਵੀ ਲੱਦੀਆਂ ਜਾ ਰਹੀਆਂ ਸਨ। ਊਧਮਪੁਰ ਜਾਕੇ ਅਸੀਂ ਫੇਰ ਬਾਈਪਾਸ ਲੈ ਲਿਆ। ਇਹ ਬੜੇ ਹੀ ਰਮਣੀਕ ਇਲਾਕੇ ਵਿੱਚੋਂ ਲੰਘਦਾ ਹੈ ਪਰ ਲੰਮਾ ਬਹੁਤ ਹੈ। ਕਈ ਥਾਵਾਂ ਤੋਂ ਇਹ ਬਣ ਹੀ ਰਿਹਾ ਹੈ। ਇਹ ਪਹਾੜੀ ਤੇ ਪੱਥਰਾਂ ਦਾ ਰਲਵਾਂ ਮਿਲਵਾਂ ਜਿਹਾ ਇਲਾਕਾ ਹੈ।ਸੜਕ ਇੱਥੇ ਲਗਭਗ ਖਾਲੀ ਹੀ ਮਿਲੀ। ਅਸੀਂ ਊਧਮਪੁਰ ਤੋਂ ਕਾਫੀ ਅੱਗੇ ਨਿਕਲ ਗਏ। ਸਾਡਾ ਚਾਹ ਪੀਣ ਨੂੰ ਦਿਲ ਕੀਤਾ। ਇਕ ਪੁੱਲ ਦੇ ਕੋਲ ਕੁਝ ਦੁਕਾਨਾਂ ਸਨ। ਇੱਥੇ ਅਸੀਂ ਚਾਹ ਪੀਤੀ। ਇਹ ਕੋਈ ਚੰਗੀ ਚਾਹ ਨਹੀਂ ਸੀ। ਜਦ ਅਸੀਂ ਤੁਰਨ ਲੱਗੇ ਤਾਂ ਪਤਾ ਲੱਗਾ ਕਿ ਇਕ ਟਾਇਰ ਹਵਾ ਰਹਿਤ ਹੋ ਚੁੱਕਾ ਹੈ। ਗੱਡੀ ਨੂੰ ਹੌਲੀ ਹੌਲੀ ਪਿੱਛੇ ਲੈ ਗਏ। ਕੁਝ ਆਪਣੇ ਔਜ਼ਾਰਾਂ ਨਾਲ ਤੇ ਕੁਝ ਇੱਕ ਦੁਕਾਨਦਾਰ ਦੇ ਔਜ਼ਾਰਾਂ ਨਾਲ ਟਾਇਰ ਬਦਲੀ ਕੀਤਾ। ਇੱਥੇ ਪੈਂਚਰ ਦਾ ਇੰਤਜ਼ਾਮ ਨਹੀਂ ਸੀ। ਇੰਨੀ ਗੱਲ ਦੇ ਦੁਕਾਨਦਾਰ ਨੇ 100 ਰੁਪਏ ਮੰਗ ਲਏ। ਅਸੀਂ ਉਸਨੂੰ ਚੰਗੀ ਫਟਕਾਰ ਪਾਈ ਕਿ ਉਹ ਕਿਉਂ ਕਿਸੇ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਹੈ। ਪਰ ਉਸਨੂੰ 100 ਹੀ ਦੇ ਦਿੱਤਾ। ਜਦ ਤੁਰਨ ਲੱਗੇ ਤਾਂ ਦੁਕਾਨਦਾਰ ਨੇ ਆਪੇ ਹੀ 50 ਰੁਪਏ ਵਾਪਸ ਕਰ ਦਿੱਤੇ। ਉਂਜ ਇਹ ਭਾਰਤ ਕੀ, ਸਾਰੇ ਦੇਸ਼ਾਂ ਵਿਚ ‘ਯਾਤਰੀਆਂ' ਨੂੰ ਲੁੱਟਣ ਦੀ ਇੱਛਾ ਰੱਖਦੇ ਹਨ, ਇਹੋ ਜਿਹੇ ਦੁਕਾਨਦਾਰ। ਅਸੀਂ ਚਲਦੇ ਗਏ। ਵਿੱਚ ਵਿੱਚ ਕੁਦਰਤ ਦੇ ਨਜ਼ਾਰੇ ਵੀ ਲਏ। 2 ਥਾਵਾਂ 'ਤੇ ਝਰਨੇ ਵੀ ਆਏ ਪਰ ਇਹ ਬਹੁਤ ਦੂਰੋਂ ਦਿਸਦੇ ਹਨ। ਸੁੱਚਾ ਇਸ ਗੱਲੋਂ ਹੈਰਾਨ ਸੀ ਕਿ ਇੰਨੀਆਂ ਉੱਚੀਆਂ ਪਹਾੜੀਆਂ ਤੇ ਲੋਕ ਕਿਵੇਂ ਰਹਿੰਦੇ ਹਨ। ਪਰ ਦੋਨਾਂ ਦੀ ਆਪਣੀ ਗੱਲਬਾਤ ਵਿਚ ਇਹ ਮੁੱਦਾ ਅਕਸਰ ਗੁਆਚ ਜਾਂਦਾ। ਮੈਂ ਮਹਿਸੂਸ ਕਰ ਰਿਹਾ ਸੀ ਕਿ ਇਹ ਸਾਰੀ ਗੱਲਬਾਤ ਰਿਕਾਰਡ ਹੋਣੀ ਚਾਹੀਦੀ ਹੈ। ਪੰਜਾਬੀ ਕੌਮ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਹੋ ਰਹੀ ਸੀ। ਇਸਦੇ ਕਾਰਨ ਤੇ ਜ਼ੁਮੇਵਾਰ ਲੋਕਾਂ ਦੀ ਸ਼ਨਾਖਤ ਹੋ ਰਹੀ ਸੀ।ਸਮੇਂ ਦੇ ਪ੍ਰੀਪੇਖ ਵਿਚ ਕੌਮ ਦੀਆਂ ਮੁਸ਼ਕਲਾਂ ਦੀ ਜੜ੍ਹ ਲੱਭੀ ਜਾ ਰਹੀ ਸੀ। ਮੇਰੇ ਆਪਣੇ ਵਿਚਾਰਾਂ ਵਿਚ ਸ਼ੁੱਧਤਾ ਆ ਰਹੀ ਸੀ ਜਾਂ ਇਹ ਕਹਿ ਲਵੋ ਕਿ ਮੇਰੀ ਸਪੱਸ਼ਟਤਾ ਵਧ ਰਹੀ ਸੀ। ਰਾਹ ਵਿਚ ਝਨਾਂ ਦਰਿਆ ਆ ਗਿਆ। ਇਹ ਚੌਥਾ ਪੰਜਾਬੀ ਦਰਿਆ ਸੀ। ਸਤਲੁਜ, ਬਿਆਸ, ਰਾਵੀ ਅਤੇ ਅੱਜ ਹੀ ਪਹਿਲੋਂ ਦੇਖ ਕਿ ਪਾਰ ਕਰ ਆਏ ਸੀ। ਮੇਰੇ ਮਨ ਦੀ ਇੱਛਾ ਸੀ ਕਿ ਦਿਨ ਰਹਿੰਦੇ ਸ੍ਰੀਨਗਰ ਪਹੁੰਚ ਹੋ ਜਾਵੇ ਤਾਂ ਜੋ ਉੱਥੇ ਵਗਦੇ ਜਿਹਲਮ ਨੂੰ ਦੇਖ ਕਿ ਇੱਕੋ ਦਿਨ 'ਚ ਪੰਜਾਬ ਦੇ ਪੰਜਾਂ ਪਾਣੀਆਂ ਨੂੰ ਨਮਸਕਾਰ ਕਰ ਸਕਾਂ। ਇੱਕ ਉੱਚੀ ਥਾਂ ਖੜ੍ਹ ਕਿ ਅਸੀਂ ਝਨਾਂ ਨੂੰ ਨਿਹਾਰਿਆ ਤੇ ਪੰਜਾਬੀ ਸਾਹਿਤ ਵਿਚ ਝਨਾਂ ਦੇ ਜ਼ਿਕਰ ਨੂੰ ਸਾਖਸ਼ਾਤ ਕੀਤਾ। ਇੱਥੇ ਸਾਨੂੰ ਲੋਕ ਕਹਾਣੀਆਂ, ਲੋਕ ਸਾਹਿਤ ਨੂੰ ਯਾਦ ਕਰਨ ਦਾ ਮੌਕਾ ਮਿਲਿਆ। ਬਨਹਾਲ ਸੁਰੰਗ ਕੋਲ ਦਿਨ ਰਹਿੰਦੇ ਹੀ ਪਹੁੰਚ ਗਏ। ਇਹ 1962 ਦੇ ਲਗਭਗ ਬਣੀ ਸੀ। ਇਹ 2547 ਮੀਟਰ ਲੰਬੀ ਹੈ। ਇਸ ਵਿਚ ਦੋ ਸੁਰੰਗਾਂ ਹਨ। ਇਕ ਆਉਣ ਲਈ ਤੇ ਇੱਕ ਜਾਣ ਲਈ। ਇਹ ਅੰਦਰੋਂ ਕਾਫੀ ਠੀਕ ਕਰ ਦਿੱਤੀ ਹੈ। ਹਰ 100 ਮੀਟਰ ਬਾਅਦ ਸਫਰ ਦੀ ਨਿਸ਼ਾਨੀ ਆ ਜਾਂਦੀ ਹੈ। ਅੰਦਰ ਇਲੈਕਟਰੋਨਿਕ ਜਾਂ ਡਿਜ਼ਟਲ ਸੁਨੇਹੇ ਵਾਲੇ ਯੰਤਰ ਲੱਗੇ ਹੋਏ ਹਨ। ਇਸਦੇ ਮੁੱਕਣ ਤੇ ਕਸ਼ਮੀਰ ਵਾਦੀ ਸ਼ੁਰੂ ਹੋ ਜਾਂਦੀ ਹੈ। ਦੂਰ ਤੱਕ ਵਾਦੀ ਦਾ ਪੱਧਰਾ ਇਲਾਕਾ ਦਿਸਦਾ ਹੈ। ਜਦੋਂ ਉਤਰਾਈ ਖਤਮ ਹੁੰਦੀ ਹੈ ਤਾਂ ਟੋਲ ਬੈਰੀਅਰ ਆ ਜਾਂਦਾ ਹੈ। ਇੱਥੇ ਗੱਡੀ ਖੜ੍ਹੀ ਕਰਕੇ ਉੱਤਰ ਕਿ ਜਾਣਾ ਪੈਂਦਾ ਹੈ। ਖਿੜਕੀ ਤੇ ਲੰਮੀ ਲਾਇਨ ਲੱਗਦੀ ਹੈ। 70 ਰੁਪਏ ਦੀ ਪੂਜਾ ਕਰਨੀ ਪੈਂਦੀ ਹੈ। ਯਾਨੀ 70 ਰੁਪਏ ਜੰਮੂ ਦੇ ਤੇ 70 ਰੁਪਏ ਕਸ਼ਮੀਰ ਵਾਦੀ ਦੇ। ਇੱਥੋਂ ਵਾਦੀ ਦਾ ਸਫਰ ਸ਼ੁਰੂ ਹੁੰਦਾ ਹੈ। ਰਾਸਤਾ ਪੰਜਾਬ ਵਾਂਗ ਪੱਧਰਾ ਹੈ।ਸੜਕ ਦੇ ਨਾਲ ਵਿਲੋ ਤੇ ਪਹਾੜੀ ਕਿੱਕਰ ਦੇ ਬੇਸ਼ੁਮਾਰ ਦਰਖਤ ਹਨ। ਇਸ ਇਲਾਕੇ ਵਿਚ ਕ੍ਰਿਕਟ ਦੇ ਬੈਟ ਬਣਦੇ ਹਨ। ਇੱਥੇ ਪਏ ਲੱਖਾਂ ਬੈਟ ਦੇਖ ਕਿ ਲੱਗਦਾ ਹੈ ਸ਼ਾਇਦ ਹਰ ਭਾਰਤੀ ਕ੍ਰਿਕਟ ਹੀ ਖੇਡਣ ਲੱਗ ਪਿਆ ਹੈ। ਖੇਤਾਂ ਵਿਚ ਲੋਕ ਫਸਲ ਦੇ ਨਾੜ ਆਦਿ ਨੂੰ ਪੰਜਾਬ ਵਾਂਗ ਹੀ ਅੱਗ ਲਾਕੇ ਸਾੜ ਰਹੇ ਸਨ।
ਕਸ਼ਮੀਰ ਦੀ ਸੁੰਦਰਤਾ ਨੂੰ ਗੰਧਲਾ ਕਰਨ ਵਿਚ ਮਨੁੱਖੀ ਸੋਚ ਤੇ ਲਾਲਚ ਦਾ ਸੁਮੇਲ ਇੱਥੇ ਵੀ ਦੇਖਣ ਨੂੰ ਮਿਲਿਆ।ਇਸ ਗੱਲ ਨੇ ਸਾਨੂੰ ਝੰਜੋੜ ਕਿ ਰੱਖ ਦਿੱਤਾ ਕਿ ਆਖਰ ਮਨੁੱਖ ਕਿਉਂ ਕੁਦਰਤ ਦਾ ਦੁਸ਼ਮਣ ਬਣਿਆ ਹੋਇਆ ਹੈ। ਸ਼ਾਮ ਪੈਂਦੀ ਜਾ ਰਹੀ ਸੀ। ਅੱਗੇ ਇੱਕ ਚੌਂਕ 'ਚੋਂ ਅਸੀਂ ਠੰਡਾ ਪੀਣ ਲਈ ਲਿਆ ਤੇ ਰਾਹ ਪੁੱਛਿਆ। ਤਕਰੀਬਨ 100 ਕਿਲੋਮੀਟਰ ਬਾਅਦ ਸ੍ਰੀਨਗਰ ਆ ਗਿਆ। ਇੱਥੋਂ ਖੱਬੇ ਪਾਸੇ ਬਾਰਾਮੂਲੇ ਨੂੰ ਰਾਹ ਮੁੜਦਾ ਹੈ। ਨਵਾਂ ਬਾਈਪਾਸ ਬਣਿਆ ਸੀ। ਬਾਈਪਾਸ ਤੇ ਗੱਡੀ ਜਾ ਰਹੀ ਸੀ। ਇਕਦਮ ਬਹੁਤ ਜ਼ੋਰ ਦੀ ਬਰੇਕ ਲਗਾ ਕਿ ਗੱਡੀ ਸੱਜੇ ਪਾਸੇ ਮੋੜੀ। ਇੱਥੇ ਸੜਕ ਇਕ ਦਮ ਬੰਦ ਸੀ ਤੇ ਸੱਜੇ ਨੂੰ ਮੁੜਨ ਲਈ ਕੋਈ ਨਿਸ਼ਾਨੀ ਨਹੀਂ ਸੀ। ਇੱਥੇ ਵੀ ਬਾਕੀ ਦੇਸ਼ ਵਾਂਗ ਯਾਤਰੂਆਂ ਲਈ ਸੜਕਾਂ ਤੇ ਨਿਸ਼ਾਨੀਆਂ ਜਾਂ ਚਿਤਾਵਨੀਆਂ ਦੇਣ ਦੀ ਲੋੜ ਨਹੀਂ ਸਮਝੀ ਜਾਂਦੀ। ਥੋੜਾ ਅੱਗੇ ਜਾਕੇ ਸਾਨੂੰ ਪੰਜਵੇਂ ਦਰਿਆ ਜਿਹਲਮ ਦੇ ਦਰਸ਼ਨ ਹੋਏ। ਪੰਜੇ ਦਰਿਆ ਇੱਕੋ ਦਿਨ ਵੇਖਣ ਦਾ ਸੁਪਨਾ ਪੂਰਾ ਹੋਇਆ। ਪੁੱਛਦੇ ਪੁਛਾਂਦੇ ਆਖਰ ਅਸੀਂ ਕਸ਼ਮੀਰ ਦੇ ਦਿਲ, ਪਿੰਡ ਸਿੰਘਪੁਰਾ ਕਲਾਂ, ਜ਼ਿਲ੍ਹਾ ਬਾਰਾਮੂਲਾ ਦੇ ਖੂਬਸੂਰਤ ਘਰ ਵਿਚ ਪਹੁੰਚ ਗਏ। ਸੁੱਚੇ ਨੂੰ ਚਾਅ ਚੜ੍ਹਿਆ ਹੋਇਆ ਸੀ ਉਹ ਕਸ਼ਮੀਰ ਵਿਚ ਹੈ। ਉਹ ਮੇਰਾ ਕਈ ਵਾਰ ਧੰਨਵਾਦ ਕਰ ਚੁੱਕਿਆ ਸੀ। ਵੈਸੇ ਅਸੀਂ ਹਾਲੇ ਕਸ਼ਮੀਰ ਪਹੁੰਚੇ ਹੀ ਸੀ, ਕਸ਼ਮੀਰ ਵੇਖਿਆ ਨਹੀਂ ਸੀ।
ਆਉਣ ਵਾਲੇ ਦਿਨਾਂ ਵਿਚ ਕਿਵੇਂ ਮੈਂ ਵਿਖਾਇਆ ਕਸ਼ਮੀਰ ਇਹ ਇੱਕ ਵੱਖਰੀ ਵਾਰਤਾ ਹੈ।