charcha

HOME
PAGE
ਰਵਿਊ-ਕਹਿਵਿਊ/ਕਲਚਰ-ਕੁਲਚਰ/ਫ਼ਿਲਮਾਂ-ਛਿਲਮਾਂ
to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
 
ਪਰਵਾਸੀ ਪੰਜਾਬੀ ਸਾਹਿਤ ਦਾ ਇਕ ਹੋਰ ਗੁਲਦਸਤਾ
ਸਿਡਨੀ ਦੀਆਂ ਰੇਲਗੱਡੀਆਂ/
ਗਿਆਨੀ ਸੰਤੋਖ ਸਿੰਘ

ਡਾ. ਅਵਤਾਰ ਐਸ. ਸੰਘਾ ਨੂੰ ਸਭ ਤੋਂ ਪਹਿਲਾਂ ਤੇ ਮੈ ਇਸ ਗੱਲ ਦੀ ਵਧਾਈ ਦੇ ਲਵਾਂ ਕਿ ਉਸਨੇ ਅੰਗ੍ਰੇਜ਼ੀ ਤੋਂ ਆਪਣੀ ਮਾਂ ਬੋਲੀ ਪੰਜਾਬੀ ਵੱਲ ਮੁਹਾਰਾਂ ਮੋੜੀਆਂ ਹਨ। ਇਸ ਲਈ "ਖ਼ੁਸ਼ ਆਮਦੀਦ!" ਉਸਦੀ ਨਵੀ ਛਪੀ ਕਿਤਾਬ 'ਸਿਡਨੀ ਦੀਆਂ ਰੇਲਗੱਡੀਆਂ', ਪਰਵਾਸੀ ਪੰਜਾਬੀ ਸਾਹਿਤ ਵਿਚ ਅਮਿਟ ਛਾਪ ਛੱਡਦੀ ਪ੍ਰਤੀਤ ਹੁੰਦੀ ਹੈ। ਜਦ ਚੰਡੀਗੜ੍ਹ ਤੋਂ ਛਪਦੇ ਅੰਗ੍ਰੇਜ਼ੀ ਅਖ਼ਬਾਰ 'ਦਾ ਟ੍ਰਿਬਿਊਨ' ਨੇ ਲੇਖਕ ਦੀਆਂ ਅੰਗ੍ਰੇਜ਼ੀ ਦੀਆਂ ਕਹਾਣੀਆਂ ਨੂੰ ਅੱਸੀਵਿਆਂ ਵਿਚ 'ਸਮਾਜ ਦਾ ਦਰਪਣ' ਕਹਿ ਕੇ ਰਿਵਿਊ ਕੀਤਾ ਸੀ ਤਾਂ ਅਖ਼ਬਾਰ ਦੀ ਗੱਲ ਠੀਕ ਹੀ ਸੀ। ਲੇਖਕ ਦੀਆਂ ਪਹਿਲੀਆਂ ਅਤੇ ਮੌਜੂਦਾ ਰਚਨਾਵਾਂ ਸਚ ਮੁਚ ਹੀ ਸਮਾਜ ਦਾ ਯਥਾਰਥਵਾਦੀ ਚਿਤਰਣ ਹੈ। ਇਹ ਰਚਨਾਵਾਂ ਪੜ੍ਹਨ ਤੋਂ ਬਾਅਦ ਇਉਂ ਮਹਿਸੂਸ ਹੋਣ ਲੱਗ ਲੈਂਦਾ ਹੈ ਜਿਵੇਂ ਲੇਖਕ ਕਿਸੇ ਹੋਰ ਦੀਆਂ ਆਖੀਆਂ ਗੱਲਾਂ ਨੂੰ ਸੁਣ ਕੇ ਆਪਣੇ ਸ਼ਬਦਾਂ ਵਿਚ ਇੰਨ ਬਿੰਨ ਪੇਸ਼ ਕਰ ਰਿਹਾ ਹੋਵੇ; ਸਿਰਫ ਨਾਂ ਅਤੇ ਥਾਂ ਹੀ ਬਦਲੇ ਹੋਣ! ਲੇਖਕ ਦਾ ਘਟਨਾਵਾਂ ਅਤੇ ਵਿਅਕਤੀਆਂ ਦਾ ਵਿਸ਼ਲੇਸ਼ਣ ਅਤੇ ਨਿਰੀਖਣ ਕਮਾਲ ਦਾ ਹੈ। ਹੱਥਲੀ ਕਿਤਾਬ 'ਸਿਡਨੀ ਦੀਆਂ ਰੇਲ ਗੱਡੀਆਂ' ਨੂੰ ਮੈ ਹੇਠ ਲਿਖੇ ਪੱਖਾਂ ਤੋਂ ਵਾਚਿਆ ਹੈ:
੧. ਨਾਮ:
ਪੁਸਤਕ ਦਾ ਨਾਂ ਢੁਕਵਾਂ ਹੈ। ਜਿਵੇਂ ਲੇਖਕ ਨੇ ਮੁਖਬੰਧ ਵਿਚ ਵੀ ਲਿਖਿਆ ਹੈ, 'ਰੇਲਗੱਡੀਆਂ' ਸ਼ਬਦ ਸਚ ਮੁਚ ਹੀ ਇਕ ਪ੍ਰਤੀਕ ਦੇ ਤੌਰ ਤੇ ਵਰਤਿਆ ਗਿਆ ਹੈ। ਇਹ ਗੱਡੀ ਪਰਵਾਸੀ ਦੇ ਜੀਵਨ ਦੀ ਗੱਡੀ ਹੈ। ਨਵੇ ਪਰਵਾਸੀ ਨੂੰ ਤਾਂ ਰੇਲ ਗੱਡੀ ਵਾਂਗ ਹੀ ਵਗਣਾ ਪੈਂਦਾ ਹੈ। ਦੇਸੋਂ ਥੱਬਿਆਂ ਦੇ ਹਿਸਾਬ ਡਿਗਰੀਆਂ ਚੁੱਕ ਕੇ ਆਏ ਸੰਵੇਦਨਸ਼ੀਲ ਵਿਅਕਤੀ ਨੂੰ ਜਦੋਂ ਵਿਕਸਤ ਦੇਸ਼ਾਂ ਵਿਚ ਲੰਮੀਆਂ ਲੰਮੀਆਂ ਸ਼ਿਫ਼ਟਾਂ ਕਰਨੀਆਂ ਪੈਂਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਦੇਸ਼ ਵਿਚਲੇ ਸਾਬਕ ਫੌਜੀਆਂ ਵਰਗੀ ਹਾਲਤ ਵਿਚ ਮਹਿਸੂਸ ਕਰਦਾ ਹੈ। ਉਹ ਆਪਣੇ ਭਾਰਤ ਵਿਚਲੇ ਕਿੱਤੇ ਨਾਲ਼ ਤਾਂ ਅਣਥੱਕ ਮੇਹਨਤ ਕਰਕੇ ਅਤੇ ਏਥੋਂ ਦੇ ਕੋਰਸ ਪਾਸ ਕਰਨ ਉਪ੍ਰੰਤ ਹੀ ਜੁੜ ਸਕਦਾ ਹੈ ਤੇ ਉਹ ਵੀ ਕੋਈ ਭਾਗਾਂ ਵਾਲ਼ਾ ਹੀ। ਇਸਦਾ ਕਾਰਨ ਵਿਕਸਤ ਦੇਸਾਂ ਦਾ ਉਚਾ ਮਿਆਰ, ਵਿਦੇਸੀ ਬੋਲੀ ਅਤੇ ਸਭਿਆਚਾਰਕ ਦੂਰੀਆਂ ਹਨ। ਉਸਨੂੰ ਆਪਣੇ ਜੀਵਨ ਨੂੰ ਰੇਲਗੱਡੀ ਵਾਂਗ ਹੀ ਅਨੁਸ਼ਾਸਨਬਧ ਬਣਾਉਣਾ ਪੈਂਦਾ ਹੈ।
੨. ਖੇਤਰ:
ਪੁਸਤਕ ਦਾ ਖੇਤਰ ਵਿਕਸਤ ਬਨਾਮ ਅਰਧ ਵਿਕਸਤ ਦੇਸ਼ ਹਨ। ਸਿਡਨੀ ਸ਼ਹਿਰ ਨੂੰ ਤਾਂ ਮਹਿਜ ਇਕ ਪ੍ਰਤੀਕ ਦੇ ਤੌਰ ਤੇ ਹੀ ਲਿਆ ਗਿਆ ਹੈ। ਅਸਲ ਵਿਚ ਇਹ ਵੈਨਕੂਵਰ, ਲੰਡਨ, ਨਿਊਯਾਰਕ ਆਦਿ ਕਿਸੇ ਵੀ ਸ਼ਹਿਰ ਦੀ ਕਹਾਣੀ ਹੈ। 'ਘੋੜਾ ਡਾਕਟਰ' ਇਕ ਐਸਾ ਨਾਂ ਹੈ ਜੇਹੜਾ ਏਥੇ ਦੇ ਪੜ੍ਹੇ ਲਿਖੇ ਪਰਵਾਸੀ ਦਾ ਦੋ ਸ਼ਬਦੀ ਖ਼ੂਬਸੂਰਤ ਚਿਤਰ ਹੈ। ਲਿਖਾਰੀ ਇਸ ਦੋ ਸਬਦੀ ਪ੍ਰਗਟਾਵੇ ਨੂੰ 'ਗਧਾ ਡਾਕਟਰ' ਕਹਿ ਕੇ ਵੀ ਪ੍ਰਗਟਾ ਸਕਦਾ ਸੀ। ਇਹ ਲੇਖਕ ਦੀ ਅਕਲਮੰਦੀ ਹੈ ਕਿ ਉਸਨੇ ਏਥੇ ਦੇ ਪੜ੍ਹੇ ਲਿਖੇ ਪਰਵਾਸੀ ਨੂੰ 'ਘੋੜਾ ਡਾਕਟਰ' ਆਖ ਕੇ ਸਲੀਕੇ ਦੀ ਲਾਜ ਰੱਖੀ ਹੈ। ਸਾਰੀ ਪੁਸਤਕ ਵਿਚ ਪੈਰ ਪੈਰ ਤੇ ਪਰਵਾਸੀ ਦੀ ਮਨੋਬਿਰਤੀ ਝਲਕਾਂ ਮਾਰਦੀ ਹੈ। 'ਦਾਨ ਬਨਾਮ ਦੇਣ' ਡਿਗ ਰਹੀਆਂ ਮਨੁਖੀ ਕਦਰਾਂ ਕੀਮਤਾਂ ਤੇ ਖ਼ੂਬਸੂਰਤ ਕਟਾਕਸ਼ ਹੈ। ਅਰਧ ਵਿਕਸਤ ਦੇਸਾਂ ਵਿਚ ਦੇਣ ਉਤੇ ਦਾਨ ਅਕਸਰ ਹਾਵੀ ਹੁੰਦਾ ਰਿਹਾ ਹੈ। ਇਹ ਇਕ ਬੜਾ ਵੱਡਾ ਦੁਖਾਂਤ ਹੈ। 'ਟੈਕਸੀਆਂ ਵਾਲ਼ੇ ਭਾ ਜੀ', 'ਸਿਡਨੀ, ਸਾਂਢੂ ਤੇ ਸ਼ੋ ਆਫ਼/ਸਾੜਾ', 'ਕਿਤੇ ਬਬਲੂ ਹੇਰਾ ਫੇਰੀ ਨਾ ਕਰ ਜਾਵੇ', 'ਅਸੀਂ ਇਕ ਦੀ ਬਜਾਇ ਦੋ ਦੋ ਹੱਥ ਮਿਲਾਉਂਦੇ ਹਾਂ', 'ਭਰਾਵਾ ਓਥੇ ਆਵੀਂ ਭਾਦੋਂ ਦੇ ਮਹੀਨੇ' ਆਦਿ ਅਧਿਆਇ ਪਾਠਕ ਤੇ ਬੜਾ ਡੂੰਘਾ ਪ੍ਰਭਾਵ ਛੱਡਦੇ ਹਨ। ਪਿੰਡਾਂ ਵਿਚ ਟੱਬਰਾਂ ਦੀਆਂ ਅੱਲਾਂ ਅਤੇ ਨਾਈਆਂ ਵਾਲ਼ਾ ਦ੍ਰਿਸ਼ ਪਾਠਕ ਦਾ ਮਨੋਰੰਜਨ ਵੀ ਵਾਹਵਾ ਕਰਦੇ ਹਨ। ਜਿਥੇ ਇਹ ਕਿਰਤ ਮਨੁਖੀ ਰਿਸ਼ਤਿਆਂ ਦੇ ਚਿਤਰਣ ਦੀ ਮੂੰਹ ਬੋਲਦੀ ਤਸਵੀਰ ਹੈ ਓਥੇ ਇਹ ਬਹੁ ਸਭਿਆਚਾਰਕ ਸਮਾਜ ਦੀ ਵੀ ਦਿਲਚਸਪ ਤਸਵੀਰ ਪੇਸ਼ ਕਰਦੀ ਹੈ।
੩. ਪਾਤਰ:
ਕਿਤਾਬ ਵਿਚ ਪਾਤਰਾਂ ਦੀ ਭਰਮਾਰ ਹੈ। ਇਹਨਾਂ ਵਿਚ ਮੁਖ ਪਾਤਰ ਤਾਂ ਖ਼ੁਦ ਲੇਖਕ ਹੀ ਹੈ। ਪਾਤਰਾਂ ਬਾਰੇ ਪੁਸਤਕ ਦੇ ਸ਼ੁਰੂ ਵਿਚ ਕੀਤਾ ਗਿਆ ਪ੍ਰੋ. ਨਰਿੰਜਨ ਤਸਨੀਮ ਦਾ ਵਿਸ਼ਲੇਸ਼ਣ ਅਤਿਅੰਤ ਢੁਕਵਾਂ ਹੈ। ਤਸਨੀਮ ਦੀ ਇਸ ਕਿਤਾਬ ਦੀ ਪੁਰਾਤਨ ਕਲਾਸੀਕਲ ਕਿਤਾਬਾਂ ਨਾਲ਼ ਤੁੱਲਣਾ ਸਚੀਂ ਹੀ ਪ੍ਰਭਾਵਸ਼ਾਲੀ ਹੈ। ਸਾਰੇ ਪਾਤਰ ਤਕਰੀਬਨ ਫਲੈਟ ਪਾਤਰ ਹੀ ਹਨ। ਕਈ ਦੇਸੀ ਪਾਤਰਾਂ ਨੂੰ ਅੰਗ੍ਰੇਜ਼ੀ ਨਾਂ ਦਿਤੇ ਗਏ ਹਨ; ਜਿਵੇਂ, ਮਾਈਕਲ ਸਿੰਘ ਮਾਨ, ਬਿੰਡਾ, ਐਮੀ ਆਦਿ। ਮਾਰਵਿਨ ਅਤੇ ਜਫਾ ਜਾਨਵਰ ਪਾਤਰ ਹਨ। ਇਹਨਾਂ ਰਾਹੀਂ ਗੋਰਿਆਂ ਅਤੇ ਦੇਸੀਆਂ ਦੀ ਮਨੋਬਿਰਤੀ ਨੂੰ ਬਿਆਨ ਕੀਤਾ ਗਿਆ ਹੈ।
੪. ਬੋਲੀ ਤੇ ਸ਼ੈਲੀ:
ਕਿਤਾਬ ਦੀ ਬੋਲੀ ਆਮ ਆਦਮੀ ਦੀ ਸਾਦੀ ਬੋਲੀ ਹੈ। ਬਹੁਤ ਥਾਈਂ ਗੱਲ ਬਾਤੀ ਸ਼ੈਲੀ ਵਰਤੀ ਗਈ ਹੈ। ਲ਼ੰਅ. ਧਠੌ, ੰਸ਼ੌ, ੍ਰੰਫਛਸ਼ ਆਦਿ ਸਬਦਾਂ ਦੇ ਛੋਟੇ ਰੂਪ ਹਾਸ ਰਸ ਦਾ ਪ੍ਰਭਾਵ ਛੱਡਦੇ ਹਨ। ਲੇਖਕ ਨੇ ਇਕ ਹੋਰ ਅਲੰਕਾਰ ਵਰਤਿਆ ਹੈ; ਇਹ ਹੈ ਅਨੁਪ੍ਰਾਸ ਅਲੰਕਾਰ। 'ਪੂਰੋ ਦਾ ਪੁੱਤ', 'ਸਿਡਨੀ, ਸਾਂਢੂ, ਤੇ ਸ਼ੋ ਆਫ਼/ਸਾੜਾ', 'ਮੌਸਮ, ਮਕਾਨ ਤੇ ਮਾਈਕਲ ਸਿੰਘ ਮਾਨ', 'ਦਾਨ ਬਨਾਮ ਦੇਣ', ਆਦਿ ਇਸ ਅਲੰਕਾਰ ਦੀਆਂ ਖ਼ੂਬਸੂਰਤ ਮਿਸਾਲਾਂ ਹਨ। ਬੋਲੀ ਦੀ ਬਹਿਰ ਕਈ ਜਗਾਹ ਬੜੀ ਤੇਜ ਹੈ। ਪਾਤਰ ਜਿਵੇਂ ਸੋਚਦਾ ਹੈ ਓਵੇਂ ਹੀ ਭਾਸ਼ਾ ਦੀ ਬਹਿਰ ਹੈ। ਫਿਕਰੇ ਛੋਟੇ ਹੋਣ ਦੇ ਬਾਵਜੂਦ ਪ੍ਰਭਾਵ ਵੱਡਾ ਛੱਡਦੇ ਹਨ। ਜਦ ਕੋਈ ਪਰਵਾਸੀ ਛੁੱਟੀ ਕੱਟਣ ਪੰਜਾਬ ਜਾਂਦਾ ਹੈ ਤਾਂ ਲੋਕਾਂ ਦੀ ਸੋਚ ਉਸਨੂੰ ਕਾਬੂ ਕਰਨ ਲਈ ਦੌੜਦੀ ਹੈ -- ਕੋਈ ਉਸਨੂੰ ਕੁਝ ਦਿਖਾਉਣਾ ਚਾਹੁੰਦਾ ਹੈ, ਕੋਈ ਉਸਦੀ ਕਿਸੇ ਤਰ੍ਹਾਂ ਸੇਵਾ ਕਰਨੀ ਚਾਹੁੰਦਾ ਹੈ, ਕੋਈ ਬਾਹਰ ਜਾਣ ਦੇ ਤਰੀਕੇ ਪੁੱਛਦਾ ਹੈ, ਕੋਈ ਉਸਦੇ ਬੱਚਿਆਂ ਨਾਲ਼ ਆਪਣੇ ਬੱੱਚਿਆਂ ਦੇ ਰਿਸ਼ਤੇ ਜੋੜਨ ਲਈ ਕਾਹਲ਼ਾ ਹੈ। ਅਜਿਹੇ ਬਿਆਨ ਸਮੇ ਬੋਲੀ ਦੀ ਤੇਜ ਬਹਿਰ ਮਨੁਖੀ ਸੋਚ ਦੇ ਕਾਹਲ਼ੇਪਣ ਨਾਲ਼ ਮੇਲ ਖਾਂਦੀ ਹੈ। ਲੇਖਕ ਨੇ ਕਈ ਖ਼ੂਬਸੂਰਤ ਤੁਲਨਾਤਮਿਕ ਭਾਸ਼ਾਈ ਪ੍ਰਗਟਾਵੇ ਵੀ ਵਰਤੇ ਹਨ। ਮਿਸਾਲ ਦੇ ਤੌਰ ਤੇ: ਮੌਸਮ, ਮਕਾਨ ਤੇ ਮਾਈਕਲ ਸਿੰਘ ਮਾਨ। ਪੰਜਾਬ ਦੇ ਘਰਾਂ ਤੇ ਲਾਏ ਗਏ ਬੇਲੋੜੇ ਮੈਟੀਰੀਅਲ ਦੀ ਉਸ ਔਰਤ ਨਾਲ਼ ਤੁਲਨਾ ਕੀਤੀ ਗਈ ਹੈ ਜੇਹੜੀ ਇੰਗਲੈਂਡ ਵਿਚ ਸਾਦੀ ਗਈ ਸੀ ਪਰ ਵਾਪਸ ਮੁੜਦੀ ਹੋਈ ਉਹ ਬੇਲੋੜੇ ਗਹਿਣਿਆਂ ਨਾਲ਼ ਲੱਦੀ ਹੋਈ ਦਿਸਦੀ ਹੈ। ਲੇਖਕ ਦੀ ਸਿਡਨੀ ਦੀਆਂ ਗੱਲ਼ੀਆਂ ਦੀ ਸ਼੍ਰੇਣੀ ਵੰਡ ਦਿਲਚਸਪ ਹੈ। ਇਹਨਾਂ ਦੀ ਪੰਜਾਬ ਵਿਚਲੇ ਮਹੱਲਿਆਂ ਅਤੇ ਪਿੰਡਾਂ ਦੇ ਨਾਵਾਂ ਨਾਲ਼ ਤੁਲਨਾ ਢੁਕਵੀਂ ਹੈ। ਕਿਤਾਬ ਦੀ ਛਪਾਈ ਅਤੇ ਦਿੱਖ ਕਾਬਲੇ ਤਾਰੀਫ਼ ਹਨ।
ਕਈ ਬਹੁਤ ਹੀ ਛੋਟੇ ਅਧਿਆਇ ਜੇ ਕੁਝ ਹੋਰ ਵਿਸਥਾਰਤ ਹੁੰਦੇ ਅਤੇ ਅੰਗ੍ਰੇਜ਼ੀ ਦੇ ਸ਼ਬਦ ਹੋਰ ਵੀ ਘੱਟ ਵਰਤੇ ਜਾਂਦੇ ਤਾਂ ਹੋਰ ਵੀ ਚੰਗੀ ਗੱਲ ਸੀ।
ਲੇਖਕ ਸੱਚਮੁਚ ਹੀ ਵਧਾਈ ਦਾ ਪਾਤਰ ਹੈ।