charcha
HOME
PAGE

ਕਵਿਤਾ/ਗੀਤ

to contact: D.S. Dhillon (0044) 07878228283
e.mail: d.darshan@btinternet.com
or Gurnam Kanwar Chandigarh
e.mail: gurnamkanwar@gmail.com
 

ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ

ਬਲਵਿੰਦਰ ਸਿੰਘ ਮੋਹੀ,
ਸ਼ਹੀਦ ਭਗਤ ਸਿੰਘ ਇੰਜੀæ ਕਾਲਜ,
ਫਿਰੋਜ਼ਪੁਰ।
94638-72724

ਹੱਕ ਸੱਚ ਦੀ ਖਾਤਿਰ ਜੋ ਸੂਲੀ ਤੇ ਚੜ੍ਹਦੇ ਸੀ,
ਗਊ ਗਰੀਬ ਦੀ ਰਾਖੀ ਲਈ ਕੰਧ ਬਣਕੇ ਖੜ੍ਹਦੇ ਸੀ,
ਕੌਣ ਸੁਣਾਊ ਗੱਲ ਇਹੋ ਜਿਹੇ ਮਰਦ ਦਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੂਰਮਿਆਂ ਦੇ ਵਾਰਿਸ ਹੁਣ ਨਾ ਇਹ ਕਹਾਉਂਦੇ ਨੇ,
ਖੋਹਣ ਪਰਸ ਤੇ ਗਲ ਦੇ ਵਿੱਚੋਂ ਚੈਨੀ ਲਾਹੁੰਦੇ ਨੇ,
ਕੀੜੀ ਤੋਂ ਖੋਹ ਦਾਣਾ ਖਾਵਣ ਵਾਲੇ ਬਟੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਕਿਸੇ ਲਵਾਇਆ ਨਲਕਾ ਪਾਣੀ ਪੀਂਦੇ ਰਾਹੀ ਸੀ,
ਨਸ਼ੇਖੋਰਾਂ ਉਹਦੀ ਹੱਥੀ ਵੇਚਣ ਦੇ ਲਈ ਲਾਹੀ ਸੀ,
ਲਾਹੁੰਦੇ ਵੇਖੇ ਸੰਗਲ ਮੱਝ ਦਾ ਗੱਲ ਕਈ ਵੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਭਾਂਡੇ ਟੀਂਡੇ ਘਰ ਦੇ ਅਮਲੀ ਵੇਚੀ ਜਾਂਦੇ ਨੇ,
ਚੰਦ ਰੁਪਈਆਂ ਖਾਤਿਰ ਗੋਡੇ ਟੇਕੀ ਜਾਂਦੇ ਨੇ,
ਬਰਕਤ ਮੁੱਕੀ ਘਰ ਦੇ ਚ੍ਹ੍ਹੁੱਲੇ ਅਤੇ ਚੰਗੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਹਿੱਸਾ ਲੈਣ ਲਈ ਕੋਈ ਬਾਪੂ ਦਾ ਗਲ ਘੁੱਟਦਾ ਏ,
ਪੈਸੇ ਖਾਤਰ ਕੋਈ ਮਾਂ ਆਪਣੀ ਵੱਢ ਸੁੱਟਦਾ ਏ,
ਕਿਵੇਂ ਸੁਣਾਵਾਂ ਗੱਲ ਘਰਾਂ ਵਿੱਚ ਵਜਦੀਆਂ ਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।
-----------------------------

ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ……


ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚਾ੍ਹੜੀ ਜਾਂਦੇ ਨੇ,
ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜੀ ਜਾਂਦੇ ਨੇ,
ਕਿਹੜੇ ਕੰਮੀ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਏ,
ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਏ,
ਦੁਖੜੇ ਸੁਣਕੇ ਦੇਖੋ ਉਹਨਾ ਦੇ ਪਰਿਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕੁਲ ਦੁਨੀਆਂ ਦੇ ਉੱਚੇ ਰੁਤਬੇ ਅੰਦਰ ਵਿੱਦਿਆ ਦੇ,
ਇਸ਼ਕ-ਮੁਸ਼ਕ ਦੀ ਚੀਜ਼ ਬਣਾ ਤੇ ਮੰਦਰ ਵਿੱਦਿਆ ਦੇ,
ਫਿਕਰ ਕਿਸੇ ਨੂੰ ਹੈ ਨਹੀਂ ਬੱਚਿਆਂ ਦੇ ਕਿਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਸਲੇ ਕਈ ਗੰਭੀਰ ਲਿਖਣ ਲਈ ਅੱਜ ਜ਼ਮਾਨੇ ਤੇ,
ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ,
ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇæ
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਚਿੜੀਆਂ ਵਾਲੇ ਚੰਬੇ ਪਿੱਛੇ ਕਲਮਾਂ ਪੈ ਗਈਆਂ,
ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ,
ਹੁਣ ਗੀਤਾਂ ਵਿੱਚ ਰੜਕਣ ਘਾਟੇ ਨੇਕ ਵਿਚਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਾਨ ਮਰਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ,
ਕਲੀਆਂ ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ,
ਸਦਕੇ 'ਮੋਹੀ' ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

----------------------------