charcha

HOME
PAGE

ਕਹਾਣੀ

to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
Gursharan
ਗੁਰਸ਼ਰਨ ਸਿੰਘ ਕੁਮਾਰ
ਖੁੱਲ੍ਹੀ ਦਾੜ੍ਹੀ ਵਾਲਾ ਥਾਨੇਦਾਰ

ਗੁਰਸ਼ਰਨ ਸਿੰਘ ਕੁਮਾਰ
ਐਡਵਾਈਜ਼ਰ (ਆਡਿਟ ਅਤੇ ਅਕਾਉਂਟਸ),
ਅਕਾਲ ਅਕਾਦਮੀ,
ਬੜੂ ਸਾਹਿਬ, ਜ਼ਿਲ੍ਹਾ ਸਿਰਮੌਰ (ਹਿæਪ੍ਰæ)

ਦੇਵ ਦੇ ਮਨ 'ਤੇ ਸ਼ੁਰੂ ਤੋਂ ਹੀ ਪੁਲੀਸ ਦਾ ਅਕਸ ਚੰਗਾ ਨਹੀਂ ਸੀ। ਸਮਾਜਕ ਸਰਕਲ ਵਿੱਚ ਵੀ ਜੇ ਕਦੀ ਉਸ ਨੂੰ ਕੋਈ ਪੁਲੀਸ ਵਾਲਾ ਮਿਲ ਜਾਂਦਾ ਤਾਂ ਉਹ ਕੰਨੀ ਕੱਟ ਕੇ ਲੰਘ ਜਾਂਦਾ।

ਦੇਵ ਬਹੁਤ ਛੋਟਾ ਸੀ ਤਾਂ ਉਸ ਦੇ ਮਾਤਾ-ਪਿਤਾ ਅੰਮ੍ਰਿਤਸਰ ਵਿੱਚ ਰਹਿੰਦੇ ਸਨ। ਉਸ ਸਮੇਂ ਉਹ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਰਿਹਾਇਸ਼ ਰਾਮਾ ਨੰਦ ਦੇ ਬਾਗ ਸੀ ਅਤੇ ਉਸਦਾ ਸਕੂਲ ਸ਼ਰਫੀਪੁਰੇ ਵਿੱਚ ਸੀ। ਰੋਜ਼ ਸਵੇਰੇ ਸਕੂਲ ਜਾਣ ਲੱਗੇ ਤੇ ਛੁੱਟੀ ਸਮੇ ਉਸ ਨੂੰ ਮੁਸ਼ਕਲ ਘਾਟੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਸੀ ਰਸਤੇ ਵਿੱਚ ਸੁਲਤਾਵਿੰਡ ਦਾ ਗੇਟ ਆਉਂਦਾ ਸੀ ਅਤੇ ਗੇਟ ਦੇ ਨਾਲ ਹੀ ਪੁਲੀਸ ਦਾ ਥਾਨਾ ਸੀ। ਥਾਨੇ ਦੇ ਬਾਹਰ ਹਮੇਸ਼ਾ ਇੱਕ ਖਾਕੀ ਵਰਦੀ ਵਾਲਾ ਪੁਲੀਸ ਦਾ ਸਿਪਾਹੀ ਖੜਾ ਹੁੰਦਾ ਸੀ। ਪੁਲੀਸ ਦੇ ਸਿਪਾਹੀ ਨੂੰ ਦੇਖ ਕੇ ਦੇਵ ਦਾ ਦਿਲ ਧਕ-ਧਕ ਕਰਨ ਲੱਗਦਾ। ਉਹ ਇੱਕ ਦਮ ਦੱਬੇ ਪੈਰ ਵਾਹਿਗੁਰੂ-ਵਾਹਿਗੁਰੂ ਕਰਦਾ ਨਜ਼ਰ ਬਚਾ ਕੇ ਸੜਕ ਦੇ ਸਾਹਮਣੇ ਪਾਸੇ ਹੋ ਜਾਂਦਾ। ਉਸ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਜੇ ਪੁਲੀਸ ਦੇ ਸਿਪਾਹੀ ਨਾਲ ਨਜ਼ਰ ਮਿਲ ਗਈ ਤੇ ਕਿਧਰੇ ਉਹ ਦੇਵ ਨੂੰ ਖਾ ਹੀ ਨਾ ਜਾਵੇ।

ਹੌਲੀ-ਹੌਲੀ ਦੇਵ ਦੇ ਮਨ ਵਿੱਚ ਪੁਲੀਸ ਦਾ ਇਹ ਡਰ ਪੱਕਾ ਹੁੰਦਾ ਗਿਆ। ਉਸ ਨੂੰ ਯਾਦ ਸੀ ਇੱਕ ਦਿਨ ਉਹ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਇੱਕ ਦਮ ਪੁਲਿਸ ਦਾ ਇੱਕ ਸਿਪਾਹੀ ਕਿਧਰੋਂ ਨਿਕਲ ਆਇਆ ਤੇ ਦੇਵ ਪਾਸੋਂ ਕਿਸੇ ਦਾ ਰਜਿੰਦਰ ਸਿੰਘ ਦਾ ਪਤਾ ਪੁੱਛਣ ਲੱਗਾ। ਦੇਵ ਇੱਕ ਦਮ ਤਰੇਲੀਓ ਤਰੇਲੀ ਹੋ ਗਿਆ ਅਤੇ ਡਰ ਨਾਲ ਕੰਬਣ ਲੱਗਾ। ਨਜ਼ਰ ਨੀਵੇਂ ਧਰਤੀ ਵਿੱਚ ਗੱਡ ਕੇ ਪਤਾ ਨਹੀਂ ਕਿਵੇਂ ਉਸ ਦੇ ਮੂੰਹੋਂ ਨਿਕਲ ਗਿਆ ''ਜੀ ਉਹ ਨੁੱਕਰ ਤੋਂ ਚੌਥਾ ਮਕਾਨ ਹੈ।'' ਜਦ ਸਿਪਾਹੀ ਨੇ ਉਸ ਨੂੰ ਛੱਡਿਆ ਤਾਂ ਸਿੱਧਾ ਸ਼ੂਟ ਵੱਟ ਕੇ ਘਰ ਜਾਂਦਿਆਂ ਮੰਜੀ 'ਤੇ ਧੈਂਅ ਕਰਕੇ ਪੈ ਗਿਆ। ਪੂਰੇ ਚਾਰ ਦਿਨ ਉਹ ਬੁਖਾਰ ਨਾਲ ਤਪਦਾ ਰਿਹਾ ਸੀ।

ਦੇਵ ਜਦ ਵੱਡਾ ਹੁੰਦਾ ਗਿਆ ਤਾਂ ਉਸ ਦਾ ਡਰ ਵੀ ਵੱਡਾ ਹੁੰਦਾ ਗਿਆ ਇੱਕ ਵਾਰੀ ਉਹ ਤੇ ਉਸ ਦਾ ਦੋਸਤ ਤਾਰਾ ਬਾਬੇ ਦੀ ਦੁਕਾਨ ਤੋਂ ਚਾਹ ਪੀ ਰਹੇ ਸਨ ਤਾਂ ਉਹਨਾ ਦੇ ਸਾਹਮਣੇ ਵਾਲੀ ਮੇਜ਼ 'ਤੇ ਪੁਲੀਸ ਦੇ ਦੋ ਸਿਪਾਹੀ ਆਣ ਕੇ ਬੈਠ ਗਏ ਅਤੇ ਇੱਕ ਨੇ ਅਵਾਜ਼ ਦੇ ਕੇ ਆਡਰ ਦਿੱਤਾ ''ਲਿਆਈ ਬਈ ਛੋਟੂ ਦੋ ਕੱਪ ਚਾਹ ਤੇ ਪਾਈਆ ਬਰਫੀ।'' 
ਦੇਵ ਨੂੰ ਘੁੱਟਣ ਮਹਿਸੂਸ ਹੋਣ ਲੱਗੀ ਤੇ ਉਸ ਨੇ ਤਾਰੇ ਨੂੰ ਇਸ਼ਾਰਾ ਕੀਤਾ ਅਤੇ ਉਹ ਦੋਵੇਂ ਆਪਣਾ-ਆਪਣਾ ਗਿਲਾਸ ਚੁੱਕ ਕੇ ਬਾਹਰ ਆ ਕੇ ਖਲੋ ਕੇ ਚਾਹ ਪੀਣ ਲੱਗੇ। 
ਥੋੜ੍ਹੀ ਦੇਰ ਬਾਅਦ ਦੇਵੇਂ ਸਿਪਾਹੀ ਮੁੱਛਾਂ 'ਤੇ ਹੱਥ ਫੇਰਦੇ ਹੋਏ ਬਾਹਰ ਨਿਕਲੇ ਅਤੇ ਢਾਬੇ ਵਾਲੇ ਨੂੰ ਇੱਕ ਨੇ ਉੱਤੋਂ-2 ਪੁਛਿਆ-"ਹਾਂ ਬਈ ਕਿੰਨੇ ਪੈਸੇ?"

    "ਸਰਕਾਰ ਦੁਕਾਨ ਤੁਹਾਡੀ ਆਪਣੀ ਹੈ ਪੈਸੇ ਫਿਰ ਆ ਜਾਣਗੇ।"ਬਾਬੇ ਨੇ ਉੁਨ੍ਹਾਂ ਦੀ ਰਮਜ਼ ਪਛਾਣਦੇ ਹੋਏ ਕਿਹਾ।

"ਉਏ ਪੈਸੇ ਪੁਛੱ ਕੇ ਕਿਉ ਪੰਜਾਬ ਪਲੀਸ ਦਾ ਨਾਮ ਬਦਨਾਮ ਕਰਦਾ ਹੈ।"ਦੂਸਰੇ ਸਿਪਾਹੀ ਨੇ ਪਹਿਲੇ ਵਾਲੇ ਦੀ ਗਿੱਚੀ ਵਿਚ ਬਾਂਹ ਵਗਲਦੇ ਹੋਏ ਕਿਹਾ_"ਆ ਚਲੀਏ। ਹੋਰ ਥੋਹੜੇ ਹਨ ਬਾਬੇ ਨੂੰ ਪੈਸੇ ਦੇਣ ਵਾਲੇ।'' 

ਦੇਖਦੇ ਹੀ ਦੇਖਦੇ ਦੋਵੇ ਸਿਪਾਹੀ ਅੱਖਾਂ ਤੋਂ ਉਹਲੇ ਹੋ ਗਏ ਪਰ ਦੇਵ ਦੇ ਦਿਲ ਦਿਮਾਗ ਤੇ ਇਕ ਅਮਿਟ ਛਾਪ ਛੱਡ ਗਏ। 
ਦੇਵ ਦੇ ਪਿਤਾ ਨੇ ਆਪਣੇ ਮਕਾਨ ਦਾ ਇਕ ਕਮਰਾ ਕਿਰਾਏ ਤੇ ਦਿਤਾ ਹੋਇਆ ਸੀ। ਇਕ ਦਿਨ ਕਿਰਾਏਦਾਰ ਦੇ ਘਰ ਉਨਾਂ ਦਾ ਕੋਈ ਰਿਸ਼ਤੇਦਾਰ ਪੁਲੀਸ ਵਾਲਾ ਵਰਦੀ ਵਿਚ ਉਨਾਂ ਨੂੰ ਮਿਲਨ ਆ ਗਿਆ। ਅਗਲੇ ਦਿਨ ਦੇਵ ਨੇ ਦੇਖਿਆ ਗਲੀ ਦੀਆਂ ਜਨਾਨੀਆਂ ਇਕ ਦੂਜੀ ਨਾਲ ਮੁੰਹ ਜੋੜ ਕੇ ਗਲਾਂ ਕਰ ਰਹੀਆਂ ਸਨ -''ਨੀ ਭੈਣੇ ਕੱਲ ਦੇਵ ਹੋਰਾਂ ਦੇ ਘਰ ਪੁਲੀਸ ਆਈ ਸੀ।"

    "ਕੋਈ ਗਲ ਹੋਵੇਗੀ ਤਾਂ ਹੀ ਪੁਲੀਸ ਆਈ ਸੀ।ਐਵੇ ਥੋੜ੍ਹਾ ਕਿਸੇ ਦੇ ਘਰ ਪੁਲੀਸ ਆਉਦੀ ਹੈ।" 

ਦੇਵ ਨੂੰ ਇਹ ਸੁਣ ਕੇ ਬੜੀ ਸ਼ਰਮਿੰਦਗੀ ਹੋਈ। 

ਅੱਤਵਾਦ ਦੇ ਦਿਨਾਂ ਵਿੱਚ ਇੱਕ ਵਾਰੀ ਦੇਵ ਤੋਂ ਕਿਸੇ ਪੁਲੀਸ ਵਾਲੇ ਨੇ ਸਕੂਟਰ ਲਿਫਟ ਲੈ ਲਈ ਮਾਰਕੀਟ ਵਿੱਚ ਜਾ ਕੇ ਉਸ ਨੂੰ ਸਕੂਟਰ ਰੋਕਣ  ਲਈ ਕਿਹਾ ____"ਮੈਨੂੰ ਤਾਂ ਭੁੱਖ ਜਹੀ ਲਗੀ ਹੈ ਆ ਤੈਨੂੰ ਕੁੱਝ ਖੁਆਈਏ।" 

ਦੁਕਾਨ ਵਿਚ ਜਾ ਕੇ ਦੋ ਗਿਲਾਸ ਦੁੱਧ ਤੇ ਕਚੋਰੀਆਂ ਦਾ ਆਡਰ ਦੇ ਦਿੱਤਾ। ਦੇਵ ਸੋਚ ਰਿਹਾ ਸੀ ਉਸ ਨੇ ਸਿਪਾਹੀ ਨੂੰ ਲਿਫਟ ਦਿੱਤੀ ਹੈ ਇਸ ਲਈ ਬਿਲ ਉਹ ਭਰੇਗਾ ਪਰ ਉਸ ਦੀ ਹੈਰਨੀ ਦੀ ਹੱਦ ਨਾ ਰਹੀ ਜਦ ਸਿਪਾਹੀ ਖਾ ਪੀ ਕੇ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਦੁਕਾਨ 'ਚੋ' ਬਾਹਰ ਨਿਕਲ ਗਿਆ। ਮਜ਼ਬੂਰਨ ਦੇਵ ਨੂੰ 24 ਰੁਪਏ ਦੀ ਚੱਟੀ ਭਰਨੀ ਪਈ। ਇਹ ਸੀ ਸਿਪਾਹੀ ਨੂੰ ਲਿਫਟ ਦੇਣ ਦਾ ਨਤੀਜਾ। ਦੇਵ ਦੇ ਮਨ ਵਿੱਚ ਇਹ ਗਲ ਚੰਗੀ ਤਰਾਂ ਬੈਠ ਗਈ ਕਿ ਪੁਲੀਸ ਵਾਲਿਆਂ ਨਾਲ ਨਾ ਦੁਸ਼ਮਣੀ ਚੰਗੀ ਹੈ ਅਤੇ ਨਾ ਦੋਸਤੀ। 

ਇਕ ਵਾਰੀ ਦੇਵ ਆਪਣੀ ਪਤਨੀ ਨਾਲ ਬੜੂ ਸਾਹਿਬ (ਜ਼ਿਲਾ ਸਿਰਮੋਰ, ਹਿਮਾਚਲ ਪ੍ਰਦੇਸ਼) ਗੁਰੂਦੁਆਰੇ ਦਰਸ਼ਨ ਕਰਨ ਗਿਆ। ਉਸ ਨੇ ਸੁਣ ਰਖਿਆ ਸੀ ਕਿ ਉੱਥੇ ਅਕਾਲ ਅਕੈਡਮੀ ਦੇ ਨਾਮ ਤੇ ਵਿੱਦਿਆ ਦਾ ਇਕ ਵੱਡਾ ਕੇਂਦਰ ਵੀ ਹੈ। 

ਗੁਰੂਦੁਆਰੇ ਪਹੁੰਚੇ ਤਾਂ ਭਾਈ ਜੀ ਨੇ ਕਿਹਾ - ''ਸਰਾਂ ਦੇ ਕਮਰੇ ਵੱਡੇ ਹਨ ਤੇ ਸੰਗਤ ਜ਼ਿਆਦਾ ਹੈ ਇਸ ਲਈ ਚਾਰ-2 ਜਣਿਆ ਨੂੰ ਇੱਕ ਕਮਰਾ ਮਿਲੇਗਾ। 

ਦੇਵ ਤੇ ਉਸ ਦੀ ਪਤਨੀ ਨਾਲ ਦੋ ਹੋਰ ਅੋਰਤਾਂ ਨੂੰ  ਅਡਜੱਸਟ ਕੀਤਾ ਗਿਆ। ਇੱਕ ਅੋਰਤ 50 ਕੁ ਸਾਲ ਦੀ ਸੀ ਤੇ ਦੂਜੀ 40 ਕੁ ਸਾਲ ਦੀ ਸੀ।

     "ਵੀਰ ਜੀ ਅਸੀਂ ਇੱਥੇ ਬੜੀ ਮੁਸੀਬਤ ਦੇ ਮਾਰੇ ਆਏ ਹਾਂ, ਜੇ ਤੁਸੀ ਕੁੱਝ ਮਦਦ ਕਰੋ ਤਾਂ _ _ _? ਬਜ਼ੁਰਗ ਅੋਰਤ ਨੇ ਦੇਵ ਵਲ ਮੁਖਾਬਿਤ ਹੁੰਦੇ ਹੋਏ ਕਿਹਾ।

"ਜੀ ਦਸੋ?" ਦੇਵ ਹੈਰਾਨ ਸੀ ਕਿ ਉਹ ਇਸ ਓਪਰੀ ਜਗਾ 'ਤੇ ਉਨਾਂ ਦੀ ਕੀ ਮਦਦ ਕਰ ਸਕੇਗਾ। 

"ਵੀਰ ਜੀ ਇਹ ਮੇਰੀ ਛੋਟੀ ਭੈਣ ਹੈ ਮਨਜੀਤ ਕੌਰ।ਅਸੀਂ ਗੁਰਦਾਸਪੁਰ ਜ਼ਿਲੇ ਤੋਂ ਆਏ ਹਾਂ।" 
"ਹਾਂ"
 
ਇਹ ਵਿਚਾਰੀ ਬੜੀ ਦੁਖੀ ਹੈ, ਜੇ ਤੁਸੀਂ ਥੋਹੜੀ ਮਦਦ ਕਰ ਦਿA ਤਾਂ ਵਿਚਾਰੀ ਦਾ ਕੁਝ ਕੰਮ ਬਣ ਜਾਵੇ।"
        "ਹਾਂ ਦਸੋ?"
   
"ਇਹ ਤਾਂ ਜੀ ਆਤਮ ਹੱਤਿਆ ਕਰਨ ਲਗੀ ਸੀ ਪਰ ਮੈਂ ਇਸ ਨੂੰ ਸਮਝਾਇਆ ਕਿ ਆਤਮ ਹੱਤਿਆ ਕਰਨਾ ਵੀ ਪਾਪ ਹੈ ।"

ਦੇਵ ਉਸ ਵਲ ਦੇਖਦਾ ਰਿਹਾ। ਬਜ਼ੁਰਗ ਅੋਰਤ ਨੇ ਆਪਣੀ ਗਲ ਜ਼ਾਰੀ ਰੱਖੀ______"ਵਿਚਾਰੀ ਦਿਲੀ ਰਹਿੰਦੀ ਸੀ। 1984 ਦੇ ਦੰਗਿਆ ਵਿਚ ਵਿਚਾਰੀ ਵਿਧਵਾ ਹੋ ਗਈ। ਇਸ ਦੇ ਘਰ ਵਾਲੇ ਨੂੰ  ਲੋਕਾਂ ਨੇ ਗਲ ਵਿਚ ਟਾਇਰ ਪਾ ਕੇ ਜਿਉਂਦੇ  ਨੂੰ ਸਾੜ ਦਿਤਾ ਸੀ ਜੀ।"

ਮਨਜੀਤ ਆਪਣੀਆਂ ਗਿਲਿਆਂ ਅੱਖਾਂ ਚੁੰਨੀ ਨਾਲ ਪੁੰਝ ਰਹੀ ਸੀ।

"ਉਹ ਹੋ ਇਹ ਤਾਂ ਬੜਾ ਮਾੜਾ ਹੋਇਆ।"ਦੇਵ ਤੇ ਉਸ ਦੀ ਪਤਨੀ ਨੇ ਅਫਸੋਸ਼ ਜਾਹਿਰ ਕੀਤਾ। 

"ਇਹ ਆਪ ਸਰਕਾਰੀ ਸਕੂਲ ਵਿਚ ਟੀਚਰ ਹੈ ਜੀ। ਵੀਚਾਰੀ ਦਾ ਇੱਕੋ ਇੱਕ ਮੁੰਡਾ ਹੈ ਜੀ। "
"ਅੱਛਾ।" 

'ਹਾਂ ਪਰ ਕਿਸਮਤ ਦੀ ਮਾਰ ਦੇਖੋ ਮੁੰਡਾ, ਜਿਸ ਨੁੰ ਐਨੇ ਜਫਰ ਜਾਲ ਕੇ ਵੱਡਾ ਕੀਤਾ ਸੀ, ਉਸ ਦਾ ਸੋਹਰਾ ਪੁਲੀਸ ਵਿਚ ਥਾਣੇਦਾਰ ਹੈ ਜੀ।'
      "ਫਿਰ!"
     
"ਫਿਰ ਕੀ ਉਸ ਦੀ ਵਹੁਟੀ ਘਰ ਵਿਚ ਪੂਰੀ ਥਾਣੇਦਾਰੀ ਰੱਖਦੀ ਹੈ ਜੀ।"
        "ਉਹ ਹੋ।" 
     
"ਮੁੰਡਾ ਜਨਾਨੀ ਦੇ ਮਗਰ ਲਗਾ ਹੋਇਆ ਹੈ। ਇਸ ਤੋ ਸਾਰੇ ਮਹੀਨੇ ਦੀ ਤਨਖਾਹ ਖੋਹ ਲੈਂਦੇ ਹਨ ਰੋਟੀ ਵੀ ਚੱਜ ਨਾਲ ਨਹੀ ਦਿੰਦੇ।ਹੁਣ ਮੁੰਡਾ ਆਕੜ ਕੇ ਕਹਿੰਦਾ ਹੈ ਜੇ ਮੈਨੁੰ ਤਨਖਾਹ ਨਾ ਦਿੱਤੀ ਤਾਂ ਤੇਰੇ ਟੋਟੇ ਕਰਕੇ ਬੋਰੀ ਵਿਚ ਪਾ ਕੇ ਲਾਸ਼ ਨਹਿਰ ਵਿਚ ਸੁੱਟ ਦਿਆਂਗਾ, ਲਾਸ਼ ਵੀ ਕਿਸੇ ਨੁੰ ਨਹੀਂ ਲਭੇਗੀ।''

ਇਹ ਤਾਂ ਬੜੀ ਮਾੜੀ ਗਲ ਹੈ ਪਰ ਪਿੰਡ ਵਾਲੇ ਜਾਂ ਉਸ ਦੇ ਰਿਸ਼ਤੇਦਾਰ ਕੁਝ ਵੀ ਨਹੀਂ ਕਹਿੰਦੇ? 

ਸਭ ਪੁਲੀਸ ਤੋਂ ਡਰਦੇ ਹਨ । ਕੋਈ ਵੀ ਅੱਗੇ ਨਹੀਂ ਲਗਦਾ। ਇੱਕ ਮੈਂ ਹਾਂ ਪਰ ਮੈਂ ਦੂਰ ਬੈਠੀ ਕੀ ਕਰ ਸਕਦੀ ਹਾਂ। ਫਿਰ ਮੈਂ ਆਪਣਾ ਟੱਬਰ ਵੀ ਤਾਂ ਦੇਖਣਾ ਹੈ।

      "ਫਿਰ ਹੁਣ ਕੀ ਕੀਤਾ ਜਾਵੇ ?" 

"ਕਰਨਾ ਕੀ ਹੈ ਜੀ ਇਹ ਤਾਂ ਵਿਚਾਰੀ ਜਾਣ ਬਚਾਉਂਦੀ ਇਧੱਰ-ਉੱਧਰ ਭੱਜੀ ਫਿਰਦੀ ਹੈ। ਹੁਣ ਵੀ ਬਿਨਾ ਕਿਸੇ ਨੂੰ ਦੱਸੇ 15 ਦਿਨ ਤੋਂ ਘਰੋਂ ਆਈ ਹੈ। ਕੋਈ ਗੁਰੂਦੁਆਰੇ ਵਾਲੇ  ਵੀ ਤਿੰਨ ਦਿਨ ਤੋਂ ਵੱਧ ਨਹੀ ਰਹਿਣ ਦਿੰਦੇ।" 
        "ਅੱਛਾ"

''ਮੈਂ ਕਹਿੰਦੀ ਹਾਂ ਤੁਸੀਂ ਪੜੇ ਲਿਖੇ ਹੋ ਇਨ੍ਹਾ ਨਾਲ ਗੱਲ ਕਰੋ ਜੇ ਵਿਚਾਰੀ ਨੂੰ ਇੱਥੇ ਤਿੰਨ, ਚਾਰ ਮਹੀਨੇ ਟਿਕ ਲੈਣ ਦੇਣ ਤਾਂ ਇਥੇ ਹੀ ਸੇਵਾ ਕਰ ਛੱਡਿਆ ਕਰੇਗੀ। ਫਿਰ ਸ਼ਾਇਦ ਮੁੰਡੇ ਨੂੰ ਤਦ ਤਕ ਅਕਲ ਆ ਹੀ ਜਾਵੇ।"
       "ਚੰਗਾ ਮੈਂ ਕਿਸੇ  ਨਾਲ ਗਲ ਕਰਕੇ ਦੇਖਦਾ ਹਾਂ ਜੇ ਕੰਮ ਬਣ ਜਾਵੇ।"

ਦੇਵ ਇਕ ਹਫਤਾ ਬੜੂ ਸਾਹਿਬ ਰਿਹਾ। ਮੈਨੇਜ਼ਮੈਂਟ ਨੂੰ ਕਹਿ ਕੇ ਮਨਜੀਤ ਨੂੰ ਤਿੰਨ ਮਹੀਨੇ ਲਈ ਸਕੂਲ ਵਿਚ ਸੇਵਾ ਦਾ (ਫਰੀ ਪੜਾਉਣ ਦਾ) ਕੰਮ ਦੁਆ ਦਿਤਾ ਪਰ ਇਸ ਘਟਨਾ ਨੇ ਦੇਵ ਦੇ ਮਨ 'ਤੇ ਪੁਲੀਸ ਦੇ ਅਕਸ ਬਾਰੇ ਗਹਿਰਾ ਅਸਰ ਛੱਡਿਆ।

ਇੱਕ ਵਾਰੀ ਦੇਵ ਸਰਕਾਰੀ ਦੌਰੇ 'ਤੇ ਮੁਕਤਸਰ ਗਿਆ ਤਾਂ ਉਥੇ 'ਪੈਰਾਡਾਈਜ਼ ਹੋਟਲ' ਵਿਚ ਠਹਿਰਿਆ। ਰਾਤ ਨੂੰ ਦੇਵ ਤੇ ਉਸ ਦਾ ਦੋਸਤ ਹੋਟਲ ਵਿਚ ਖਾਣਾ ਖਾਣ ਲਗੇ ਸਨ ਤਾਂ ਇੱਕ ਖੁਲੀ ਦਾੜੀ ਵਾਲਾ ਥਾਨੇਦਾਰ (ਜੋ ਇਸ ਸਮੇਂ ਵਰਦੀ ਵਿੱਚ ਸੀ) ਦੇਵ ਦੇ ਦੋਸਤ ਨੂੰ ਆ ਕੇ ਮਿਲਿਆ। 

ਦੋਸਤ ਨੇ ਦੇਵ ਨਾਲ ਉਨਾਂ ਦੀ ਮੁਲਾਕਾਤ ਕਰਵਾਈ ਇਹ ਕਹਿ ਕੇ ਕਰਵਾਈ 'ਇਹ ਹਨ ਸ੍ਰ: ਗੁਰਦੀਪ ਸਿੰਘ ਜੀ ਇਥੋਂ ਦੇ ਥਾਨੇਦਾਰ ਦੋ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਤੋਂ ਬਦਲ ਕੇ ਆਏ ਹਨ। ਹਾਲੀ ਇੱਥੇ ਹੋਟਲ ਵਿਚ ਹੀ ਠਹਿਰੇ ਹਨ ਕੁਆਟਰ ਅਲਾਟ ਨਹੀਂ ਹੋਇਆ। ਕਿਉਂਕਿ ਜਿਹੜਾ ਥਾਨੇਦਾਰ ਬਦਲ ਕੇ ਗਿਆ ਹੈ, ਉਸ ਦੀ ਫੈਮਿਲੀ ਹਾਲੀ ਕੁਆਟਰ ਵਿਚ ਰਹਿ ਰਹੀ ਹੈ। ਉਹ ਮਾਰਚ ਦੇ ਪੇਪਰਾਂ ਤੋਂ ਬਾਅਦ ਜਾਣਗੇ ਤਾਂ ਇਨਾ ਨੂੰ ਕੁਆਟਰ ਮਿਲੇਗਾ। ਵੈਸੇ ਬੜੇ ਹੀ ਭਲੇ ਬੰਦੇ ਹਨ।''

ਗੁਰਦੀਪ ਸਿੰਘ ਦਾ ਪੁਲੀਸ ਵਾਲਾ ਹੋਣ ਕਰਕੇ ਦੇਵ ਦਾ ਉਸ ਨੂੰ ਮਿਲਣ ਦਾ ਉਤਸਾਹ ਠੰਡਾ ਪੈ ਗਿਆ। ਵੈਸੇ ਉਸ ਨੇ ਖੁਲ੍ਹੀ ਦਾੜੀ ਵਾਲਾ ਥਾਨੇਦਾਰ ਪਹਿਲੀ ਵਾਰੀ ਦੇਖਿਆ ਸੀ । ਆਮ ਤੌਰ 'ਤੇ ਥਾਨੇਦਾਰਾਂ ਦਾ ਅਕਸ ਫਿਕਸਰ ਲਾ ਕੇ ਬੰਨ੍ਹੀ ਹੋਈ ਘੁੱਟਵੀਂ ਦਾੜੀ ਅਤੇ ਕਾਂਟੇਦਾਰ ਮੁੱਛਾਂ ਵਾਲੇ ਥਾਨੇਦਾਰ ਹੀ ਸੀ।

ਖੈਰ ਗੁਰਦੀਪ ਸਿੰਘ ਵੀ ਇਨਾਂ ਨਾਲ ਬੈਠ ਕੇ ਗੱਪਾਂ ਮਾਰਨ ਲਗਾ ਪਰ ਦੇਵ ਨੇ ਗਲਬਾਤ ਵਿਚ ਕੋਈ ਜ਼ਿਆਦਾ ਹਿੱਸਾ ਨਾ ਲਿਆ। ਖਾਣਾ ਖਾ ਕੇ ਹਟੇ ਤਾਂ ਗੁਰਦੀਪ ਸਿੰਘ ਨੇ ਬਦੋਬਦੀ ਤਿੰਨਾਂ ਦੇ ਬਿਲ ਦੀ ਆਪ ਪੇਮੈਂਟ ਕੀਤੀ। 

ਦੇਵ ਦੇ ਦੋਸਤ ਨੇ ਕਿਹਾ "ਹਾਂ ਦੇਵ ਸਿੰਘ ਜੀ ਤੁਸੀਂ ਸਵੇਰੇ ਗੁਰੂਦੁਆਰੇ ਜਾਂਦੇ ਹੋ। ਗੁਰਦੀਪ ਸਿੰਘ ਜੀ ਵੀ ਬਿਨਾਂ ਨਾਗਾ ਸਵੇਰੇ ਉਥੇ ਹਾਜ਼ਰੀ ਭਰਦੇ ਹਨ। ਤੁਸੀਂ ਇੱਕਠੇ ਹੀ ਚਲੇ ਜਾਇਆ ਕਰੋ, ਨਾਲੇ ਸਾਥ ਹੋ ਜਾਵੇਗਾ।

"ਮੈਂ ਤੁਹਾਨੂੰ ਸਵੇਰੇ ਪੰਜ ਵਜੇ ਉਠਾ ਲਵਾਂਗਾ "ਗੁਰਦੀਪ ਸਿੰਘ ਬੋਲਿਆ। 

"ਨਹੀ-2 ਤੁਹਾਨੂੰ ਐਵੇਂ ਖੇਚਲ ਹੋਵੇਗੀ। ਜਦ ਨੀਂਦ ਖੁਲੇਗੀ ਤਾਂ ਮੈਂ ਆਪੇ ਚਲਾ ਜਾਵਾਂਗਾ। 

"ਨਹੀਂ ਇਸ ਵਿਚ ਖੇਚਲ ਦੀ ਕਿਹੜੀ ਗੱਲ ਹੈ। ਮੈਂ ਠੀਕ ਸਵੇਰੇ ਪੰਜ ਵਜੇ ਤੁਹਾਡਾ ਦਰਵਾਜਾ ਖੜਕਾ ਦੇਵਾਂਗਾ। ਤੁਸੀਂ ਤਿਆਰ ਰਹਿਣਾ।"

ਦੇਵ ਨੇ ਕੋਈ ਜਵਾਬ ਨਾ ਦਿਤਾ। ਅਗਲੇ ਦਿਨ ਠੀਕ ਸਵੇਰੇ ਪੰਜ ਵਜੇ ਉਸ ਦੇ ਦਰਵਾਜ਼ੇ 'ਤੇ ਦਸਤਕ ਹੋਈ। ਦੇਵ ਮਚਲਾ ਬਣ ਕੇ ਪਿਆ ਰਿਹਾ। ਦਸਤਕ ਫਿਰ ਹੋਈ। "ਇਸ ਵਾਰ ਉਸ ਨੇ ਬੂਹਾ ਖੋਲਿਆ। ਸਾਹਮਣੇ ਗੁਰਦੀਪ ਸਿੰਘ ਖੜਾ। 

''ਮੈਂ ਤਾਂ ਹਾਲੀ ਨਾਤ੍ਹਾ ਵੀ ਨਹੀਂ। ਤੁਸੀ ਜਾ ਆਉ।'' 

ਕੋਈ ਗਲ ਨਹੀਂ ਤੁਸੀ ਜਲਦੀ ਨਹਾ ਲਉ ਮੈਂ ਪੰਜ ਮਿੰਟ ਬਾਅਦ ਫਿਰ ਆ ਜਾਵਾਂਗਾ।

ਗੁਰਦੀਪ ਸਿੰਘ ਪੰਜ ਮਿੰਟ ਬਾਅਦ ਫਿਰ ਆਇਆ ਮਜ਼ਬੂਰਨ ਦੇਵ ਨੂੰ ਗੁਰਦੀਪ ਦਾ ਸਾਥ ਕਰਨਾ ਪਿਆ। ਗੁਰੂਦੁਆਰੇ ਤੋਂ ਪਹਿਲਾਂ ਰਸਤੇ 'ਚ ਥਾਨਾ ਪੈਂਦਾ ਸੀ।

"ਇੱਕ ਮਿੰਟ ਜ਼ਰਾ ਮੈਂ ਪਹਿਲਾਂ ਇੱਥੇ ਦੇਖ ਲਵਾਂ ਫਿਰ ਚਲਦੇ ਹਾਂ। "ਗੇਟ ਤੇ ਹੀ ਇੱਕ ਸਿਪਾਹੀ ਮਿਲ ਗਿਆ।''

''ਉਏ ਉਨਾਂ ਨੂੰ ਪੱਠੇ ਵਗੈਰਾ ਪਾ ਦਿਤੇ ਸਨ ਕਿ ਨਹੀਂ!''

''ਜੀ ਪਾ ਦਿਤੇ ਸਨ। ''

''ਹਾਂ ਸੱਚ ਤੇ ਉਨਾਂ ਨੂੰ ਚਾਹ ਵਗੈਰਾ ਵੀ ਪਿਆ ਦੇਵੀਂ ਵਿਚਾਰੇ ਠੰਡ ਵਿਚ ਠਰਦੇ ਹੋਣਗੇ। ਜੀ ਰਾਤੀ ਉਨਾਂ ਨੂੰ ਤੁਹਾਡੇ ਕਹਿਣ ਤੇ ਢਾਬੇ ਤੋਂ ਲਿਆ ਕੇ ਰੋਟੀ ਖਵਾ ਦਿਤੀ ਸੀ ਤੇ ਹੁਣ ਚਾਹ ਵੀ ਪਿਲਾ ਦਿੰਦਾ ਹਾਂ।''

"ਤੁਸੀ ਜਰਾ ਗਲਾਂ ਕਰੋ ਮੈਂ ਇੱਕ ਮਿੰਟ ਵਿਚ ਆਇਆ।'' ਗੁਰਦੀਪ ਨੇ ਕਿਹਾ।

"ਤੁਹਾਡੇ ਥਾਨੇਦਾਰ ਸਾਹਿਬ ਇਹ ਕੀ ਕਹਿ ਰਹੇ ਸਨ ਉਨਾਂ ਨੂੰ ਪੱਠੇ ਪਾ ਦੇਣੇ ਥਾਨੇ 'ਚ ਕੀ ਕੋਈ ਗਉਸ਼ਾਲਾ ਹੈ?"
     
"ਨਹੀ ਜੀ ਗਉਸ਼ਾਲਾ ਤਾਂ ਨਹੀਂ ਹੈ।"
       "ਫੇਰ!"
  
''ਸਾਡੇ ਸਾਹਿਬ ਬਹੁਤ ਵੱਡੇ ਦਿਲ ਵਾਲੇ ਹਨ ਜੀ। ਗਰੀਬ ਗੁਰਬੇ ਦੀ ਮਦਦ ਕਰਨ ਵਾਲੇ। ਉਹ ਜੀ ਕੱਲ ਰਾਤੀ ਕੁਝ ਚੋਰ ਫੜੇ ਸਨ ਨਾਲ ਦੇ ਪਿੰਡ ਵਿਚੋਂ ਮੱਝਾਂ ਚੋਰੀ ਕਰਕੇ ਲਿਜਾ ਰਹੇ ਸਨ। ਦਿਨ ਵੇਲੇ ਤਾਂ ਐਤਵਾਰ ਹੋਣ ਕਰਕੇ ਚਲਾਣ ਪੇਸ਼ ਕੀਤਾ ਨਹੀ ਜਾ ਸਕਿਆ ਇਸ ਲਈ ਥਾਨੇਦਾਰ ਸਾਹਿਬ ਨੇ ਕਿਹਾ ਕੇ ਡੰਗਰ ਵਿਚਾਰੇ ਭੁੱਖੇ ਹੋਣਗੇ। ਉਨਾਂ ਨੂੰ ਪੱਠੇ ਪਾ ਦੇਣੇ ਸਨ।"
       
"ਤੇ ਇਹ ਰੋਟੀ ਤੇ ਚਾਹ ਕਿਹਦੇ ਲਈ ਸੀ?"

''ਜੀ ਇਹ ਤਾਂ ਹਵਾਲਾਤੀਆ ਲਈ ਸੀ ਉਹ ਵੀ ਤਾਂ ਭੁੱਖੇ ਸਨ। 

"ਇਨਾਂ ਕੰਮਾਂ ਲਈ ਸਰਕਾਰ ਵਲੋਂ ਪੈਸੇ ਆਉਂਦੇ ਹੋਣਗੇ।"
     
"ਜੀ ਨਹੀ "
     
"ਫਿਰ ਇਹ ਖਰਚੇ ਕਿਵੇਂ ਕਰਦੇ ਹੋ?"

''ਜੀ ਸਾਡੇ ਇਹ ਨਵੇਂ ਥਾਨੇਦਾਰ ਸਾਹਿਬ ਆਪਣੀ ਤਨਖਾਹ ਦਾ ਦਸਵੰਧ' ਕੱਢਦੇ ਹਨ। ਉਨਾਂ ਇੱਕ ਗੋਲਕ ਲਵਾਈ ਹੋਈ ਹੈ ਉਸ ਵਿਚ ਉਹ ਦਸਵੰਧ ਪਾ ਦਿੰਦੇ ਹਨ। ਹਵਾਲਾਤੀਆ ਦਾ ਜਾਂ ਸਟਾਫ਼ ਦਾ ਕੋਈ ਮੈਂਬਰ ਉਸ ਵਿਚ  ਪੈਸੇ  ਪਾਣਾ ਚਾਹੇ ਤਾਂ ਪਾ ਦਿੰਦਾ ਹੈ।"
     
ਜਿਉਂ-2 ਸਿਪਾਹੀ ਗਲਾਂ ਦਸ ਰਿਹਾ ਸੀ ਤਿਉਂ-ਤਿਉਂ ਗੁਰਦੇਵ ਸਿੰਘ ਦੀ ਪ੍ਰਸਨੈਲਟੀ ਦੀਆਂ ਪਰਤਾਂ ਖੁਲ ਰਹੀਆਂ ਸਨ। ਹੁਣ ਦੇਵ ਦੇ ਮਨ ਤੋਂ ਪੁਲਿਸ ਵਾਲਾ ਪਹਿਲਾਂ ਵਾਲਾ ਅਕਸ ਪੂਰੀ ਤਰਾਂ ਭੁੱਲ ਚੁਕਾ ਸੀ ਖੁਲ੍ਹੀ ਦਾੜ੍ਹੀ ਵਾਲਾ ਥਾਨੇਦਾਰ ਉਸਨੂੰ ਆਪਣਾ-ਆਪਣਾ ਲੱਗ ਰਿਹਾ ਸੀ। 

ਇੰਨੇ ਵਿੱਚ ਗੁਰਦੀਪ ਸਿੰਘ ਵਾਪਿਸ ਆ ਗਿਆ ਅਤੇ ਦੋਵੇਂ ਖਿੜੇ ਹੋਏ ਮਨ ਨਾਲ ਗੁਰਦੁਆਰੇ ਮੱਥਾ ਟੇਕਣ ਚਲੇ ਗਏ।