charcha

HOME
PAGE

ਕਹਾਣੀ

to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
gurdev
ਗੁਰਦੇਵ ਸਿੰਘ ਬਟਾਲਵੀ
ਠੱਗੀ ਦੇ ਵੱਖੋ ਵੱਖਰੇ ਚੇਹਰੇ
ਗੁਰਦੇਵ ਸਿੰਘ ਬਟਾਲਵੀ 

           ਕਾਫੀ ਅਰਸਾ ਵਿਦੇਸ਼ ਰਹਿੰਦੇ ਹੋ ਚੁੱਕਾ ਸੀ ਬਸ ਕੰਮ ਵਿੱਚ ਐਸੇ ਖੁਭਿਆ ਕਿ ਦੇਸ਼ ਆਉਣ ਦਾ ਵਕਤ ਹੀ ਨਹੀਂ ਲੱਗਾ। ਬਾਕੀ ਜਦੋਂ ਬੰਦਾ ਨਵਾਂ-ਨਵਾਂ ਅਮਰੀਕਾ ਕਨੇਡਾ ਜਿਹੇ ਮੁਲਕ ਵਿੱਚ ਜਾਂਦਾ ਹੈ ਤੇ ਡਾਲਰਾਂ ਨੂੰ ਰੁਪੱਈਆਂ ਨਾਲ ਗੁਣਾ ਕਰਦਾ ਕਰਦਾ ਆਪਣੀਆਂ ਅੱਖਾਂ ਵਿੱਚ ਨਿਤ ਨਵੇਂ ਸੁਪਨੇ ਰਚਾਉਂਦਾ ਹੈ। ਹੁਣ ਕੰਮ ਕਾਰ ਦੀ ਕੋਈ ਚਿੰਤਾ ਫਿਕਰ ਨਹੀਂ ਸੀ ਤਿਨ ਚਾਰ ਸਟੋਰ ਅਤੇ ਦੋ ਪੈਟਰੋਲ ਪੰਪ ਹੋਣ ਕਰਕੇ ਆਪਣੇ ਨਾਲ ਨਾਲ ਆਪਣੇ ਵਰਗੇ ਕਈ ਹੋਰ ਭਰਾਵਾਂ ਨੂੰ ਰੁਜਗਾਰ ਤੇ ਲਾਇਆ ਹੋਇਆ ਸੀ। ਪਰ ਆਪਣੀ ਮਿੱਟੀ ਦੀ ਖਿਚ ਬੰਦੇ ਨੂੰ ਕਈ ਵਾਰੀ ਬਹਿਬਲ ਕਰ ਦਿੰਦੀ ਹੈ ।ਪਿੰਡ ਦੀ ਮਹਿਕ ਅਤੇ ਪੁਰਾਣੇ ਯਾਰਾਂ ਦੋਸਤਾਂ ਭੈਣ ਭਰਾਵਾਂ ਨੂੰ ਮਿਲਣ ਦੀ ਤਾਂਘ ਨੇ ਕੁਝ ਸਮੇ ਲਈ ਦੇਸ਼ ਆਉਣਾ ਪੱਕਾ ਕਰ ਦਿੱਤਾ । ਬਾਕੀ ਪ੍ਰਵਾਰ ਨੂੰ ਕਾਰੋਬਾਰ ਦੀ ਜੁਮੇਵਾਰੀ ਸਾਂਭ ਕੇ ਮੈਂ ਟਿਕਟ ਲੈ ਕੇ ਜਹਾਂਜ਼ ਚੜ੍ਹ ਗਿਆ। ਖੈਰ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਵਲ ਵਾਪਸ ਪਰਤਦਿਆਂ ਮੇਰੇ ਛੋਟੇ ਭਰਾ ਦਲਜੀਤ ਨੇ ਜੋ ਮੈਨੂੰ ਦਿੱਲੀ ਹਵਾਈ ਅੱਡੇ ਤੋਂ ਲੈਣ ਵਾਸਤੇ ਆਇਆ ਸੀ ਰੋਟੀ ਖਾਣ ਲਈ ਕਾਰ ਨੂੰ ਇਕ ਆਮ ਜਹੇ ਢਾਬੇ ਰੋਕ ਲਿਆ ।ਮੈਨੂੰ ਇਹ ਜਗ੍ਹਾ ਕੁਝ ਜਾਣੀ ਪਛਾਣੀ ਜਹੀ ਲੱਗੀ ਕਈ ਵਾਰੀ ਐਵੇਂ ਹੀ ਲਗਦਾ ਹੁੰਦਾ ਹੈ ਕਿ ਸ਼ਾਇਦ ਮੈਂ ਪਹਿਲਾਂ ਵੀ ਕਦੇ ਏਥੇ ਆਇਆ ਹਾਂ।ਮੈਨੂੰ ਖਿਆਲ ਜਿਹਾ ਆਇਆ ਕਿ ਏਥੇ ਸ਼ਾਇਦ ਇਕ ਸਾਧ ਦਾ ਡੇਰਾ ਹੁੰਦਾ ਸੀ। ਗੋਲ ਪਗ਼ ਤੇ ਚਿੱਟੇ ਚੌਲੇ ਦੀ ਸਦਕਾ ਪਿੰਡ ਦੇ ਭੋਲ਼ੇ ਭਾਲ਼ੇ ਲੋਕਾਂ ਨੇ ਇਸ ਸਾਧ ਨੂੰ ਕਰੀਬ ਦੋ ਕਨਾਲ ਜਗ੍ਹਾ ਦਾ ਮਾਲਕ ਬਣਾ ਦਿੱਤਾ ਸੀ।
        ਰੋਟੀ ਖਾਣ ਤੋਂ ਬਾਅਦ ਜਦੋਂ ਮੈਂ ਬਿਲ ਦੇਣ ਲਈ ਕਾਉਂਟਰ ਤੇ ਗਿਆ ਤੇ ਉਥੇ ਬੈਠਾ ਹੋਇਆ ਆਦਮੀ ਜਿਸਦਾ ਚੇਹਰਾ ਮੈਨੂੰ ਜਾਣਿਆ ਪਛਾਣਿਆ ਲੱਗਿਆ। ਬਿਲ ਦੇਣ ਤੋਂ ਬਾਅਦ ਮੈਂ ਉਸ ਨੂੰ ਪੁਛਿਆ ਕਿ ਸ਼ਾਇਦ ਅਸੀਂ ਪਹਿਲਾਂ ਵੀ ਕਿਤੇ ਮਿਲ਼ੇ ਹੋਏ ਲਗਦੇ ਹਾਂ, ਉਹ ਕਹਿਣ ਲੱਗਾ ਕਿ ਮੈਨੂੰ ਵੀ ਲਗ ਰਿਹਾ ਹੈ ਸ਼ਾਇਦ। ਮੈਂ ਉਸ ਦਾ ਨਾਮ ਪੁਛਿਆ ਉਹ ਕਹਿਣ ਲੱਗਾ ਚਨਣ ਸਿੰਘ ਮੈਂ ਕਿਹਾ ਚੰਨਾ! ਉਹ ਕਿਹਣ ਲੱਗਾ ਹਾਂ ਤੇ ਤੁਸੀ ਭਾਊ ਮਜੀਠੇ ਵਾਲੇ ਤੇ ਨਹੀ । ਅਸੀਂ ਦੋਨਾਂ ਨੇ ਇਕ ਦੂਜੇ ਨੂੰ ਪਛਾਣ ਲਿਆ । ਮੈਨੂੰ ਪੁਰਾਣੀਆਂ ਯਾਦਾਂ ਚੇਤੇ ਆ ਗੱਈਆਂ ਚਨਣ ਸਿੰਘ ਉਰਫ ਚੰਨਾ ਬਹੁਤ ਤੇਜ ਤਰਾਰ, ਲੋਕਾਂ ਨੂੰ ਭਰਮਾਉਣ ਵਾਲਾ ਅਤੇ ਗੱਲਾਂ ਦੀ ਖੱਟੀ ਖਾਣ ਵਾਲਾ ਆਦਮੀ ਸੀ ।ਇਸਨੇ ਸਾਰੀ ਜਿੰਦਗੀ ਵਿੱਚ ਕਦੇ ਕਿਰਤ ਨਹੀਂ ਸੀ ਕੀਤੀ । ਬਸ ਲੋਕਾਂ ਨੂੰ ਮੂਰਖ ਬਣਾ ਕੇ, ਥਾਣਿਆਂ ਵਿੱਚ ਵਿਚੋਲਗੀ ਕਰਕੇ ਜਾਂ ਧਰਮ ਦੇ ਨਾਮ ਤੋ ਲੋਕਾਂ ਨਾਲ ਠੱਗੀ ਮਾਰਕੇ ਪ੍ਰਵਾਰ ਪਾਲਦਾ ਰਿਹਾ ਸੀ ਤੇ ਬਸ ਏਹੋ ਹੀ ਇਸ ਦਾ ਪੇਸ਼ਾ ਤੇ ਧਰਮ ਸੀ।
          ਭਾਵੇਂ ਮੈਨੂੰ ਪਿੰਡ ਮੁੜਨ ਦੀ ਕਾਹਲ ਸੀ ਪਰ ਫਿਰ ਵੀ ਮੈਂ ਉਸ ਨਾਲ ਗੱਲਾਂ ਮਾਰਨ ਬੈਹ ਗਿਆ । ਘਰ ਪ੍ਰਵਾਰ ਦੀਆਂ ਗੱਲਾਂ ਤੋਂ ਬਾਅਦ ਮੈਂ ਚੰਨੇ ਨੂੰ ਪੁਛਿਆ ਕਿ ਏਥੇ ਤੇ ਸ਼ਾਮ ਸਿਹੁਂ ਸਾਧ ਦਾ ਡੇਰਾ ਹੁੰਦਾ ਸੀ ਉਸਦਾ ਕੀ ਬਣਿਆਂ। ਉਸਨੇ ਸ਼ਾਤਰੀ ਹਾਸਾ ਹਸਦੇ ਹੋਏ ਕਿਹਾ ਕਿ ਕਹਾਣੀ ਥੋੜੀ ਲੰਬੀ ਹੈ ਤੇ ਦਿਲਚਸਪ ਵੀ । ਚੰਨਾਂ ਆਪਣੇ ਮੁੰਡੇ ਨੂੰ ਕਾਉਂਟਰ ਤੇ ਬਿਠਾ ਕੇ ਸਾਨੂੰ ਪਿਛਲੇ ਪਾਸੇ ਬਣੇ ਹੋਏ ਕਮਰੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਕਿ ਏਥੇ ਅਰਾਮ ਨਾਲ ਬੈਠ ਕੇ ਗਲਾਂ ਕਰਦੇ ਹਾਂ । ਚੰਨੇ ਨੇ ਦਸਣਾ ਸ਼ੁਰੂ ਕੀਤਾ ਕਿ ਇਕ ਵਾਰੀ ਮੈਂ ਦਿੱਲੀ ਨੂੰ ਜਾਂਦਿਆਂ ਸ਼ਾਮ ਸਿਹੁਂ ਦੇ ਡੇਰੇ ਤੇ ਥੋੜੀ ਦੇਰ ਸੁਸਤਾਉਣ ਲਈ ਰੁਕ ਗਿਆ ਤੇ ਗੱਲਾਂ ਬਾਤਾਂ ਵਿੱਚ ਪਤਾ ਲੱਗਾ ਕਿ ਸ਼ਾਮ ਸਿਹੁਂ ਸਾਧ ਨੇ ਏਹ ਸਾਰੀ ਥਾਂ ਮੁਫਤ ਵਿੱਚ ਮਾਰੀ ਹੋਈ ਹੈ।ਮੇਰੀ ਇਸ ਜਗ੍ਹਾ ਵਿੱਚ ਦਿਲਚਸਪੀ ਵਧ ਗਈ । ਮੈਂ ਆਨੇ ਬਹਾਨੇ ਏਥੇ ਗੇੜੇ ਮਾਰਨ ਲਗ ਪਿਆ ਅਤੇ ਮੈਂ ਇਸ ਬਾਰੇ ਹੋਰ ਜਾਣਕਾਰੀ ਇਕਠੀ ਕਰਨ ਲਈ ਪਿੰਡ ਦੇ ਆਮ ਲੋਕਾਂ ਨਾਲ ਵੀ ਰਾਬਤਾ ਬਣਾ ਲਿਆ । ਮੈਨੂੰ ਪਤਾ ਲੱਗਾ ਕਿ ਪਹਿਲੇ ਕੁਝ ਸਾਲ ਤੇ ਪਿੰਡ ਵਾਲੇ ਇਸਦੀ ਬੜੀ ਇਜ਼ੱਤ ਕਰਦੇ ਸੀ ਪਰ ਹੋਲ਼ੀ-ਹੋਲ਼ੀ ਪਿੰਡ ਵਾਲਿਆ ਦਾ ਇਸ ਸਾਧ ਤੋਂ ਮੋਹ ਭੰਗ ਹੋਣ ਲਗ ਪਿਆ। ਏਹ ਸਾਧ ਬੜੀ ਮਾੜੀ ਬਿਰਤੀ ਵਾਲਾ ਸੀ ਲੋਕਾਂ ਦੀਆਂ ਧੀਆਂ ਭੈਣਾ ਤੇ ਮਾੜੀ ਨਜ਼ਰ ਰਖਦਾ ਸੀ । ਹੁਣ ਦੋ ਚਾਰ ਨੂੰ ਛਡ ਕੇ ਪਿੰਡ ਵਾਲਿਆਂ ਨਾਲ ਇਸਦਾ ਕੋਈ ਵਾਹ ਵਾਸਤਾ ਨਹੀਂ ਸੀ ਬਲਕਿ ਪਿੰਡ ਵਾਲੇ ਚਾਂਹਦੇ ਸੀ ਕਿ ਕਿਸੇ ਤਰ੍ਹਾਂ ਨਾਲ ਏਹ ਸਾਧ ਏਥੋਂ ਚਲਾ ਜਾਏ।
        ਮੈਂ ਸੋਚਿਆ ਚਨਣ ਸਿਹਾਂ ਤੇਰੇ ਡੰਗੇ ਨੇ ਅਜ ਤਕ ਕਦੇ ਪਾਣੀ ਨਹੀਂ ਮੰਗਿਆ! ਇਸ ਸਾਧ ਦਾ ਵੀ ਕਲਿਆਣ ਕਰਨਾ ਚਾਹੀਦਾ ਹੈ।ਬਸ ਉਸ ਦਿਨ ਤੋਂ ਧਾਰ ਲਿਆ ਕਿ ਏਹ ਜਗ੍ਹਾ ਹੁਣ ਚਨਣ ਸਿਹੁਂ ਦੀ ਹੋ ਕੇ ਹੀ ਰਹੇਗੀ । ਹੁਣ ਮੈਂ ਸਾਧ ਵਾਸਤੇ ਕੋਈ ਨਾਂ ਕੋਈ ਵਸਤੂ ਜਿਵੇਂ ਕਿ ਕਪੜੇ, ਕੋਈ ਫਲ, ਮਿਲਟਰੀ ਕੰਟੀਨ ਦੀ ਸ਼ਰਾਬ ਅਤੇ ਕਦੇ-ਕਦੇ ਕੁਝ ਨਕਦ ਮਾਇਆ ਵੀ ਲਿਆਉਣ ਲਗ ਪਿਆ।ਹੋਲ਼ੀ ਹੋਲ਼ੀ ਸਾਧ ਸ਼ਾਮ ਸਿਹੁਂ ਮਾਨਸਿਕ ਤੋਰ ਤੇ ਮੇਰੇ ਕਬਜੇ ਵਿੱਚ ਆ ਚੁੱਕਾ ਸੀ ।ਇਕ ਦਿਨ ਮੈਨੂੰ ਏਹ ਵੀ ਪਤਾ ਲੱਗਾ ਇਸ ਸਾਧ ਕੋਲ ਕਿਸੇ ਜੀਤੋ ਨਾਮ ਦੀ ਗਲਤ ਅੋਰਤ ਦਾ ਆਉਣ ਜਾਣ ਵੀ ਹੈ । ਉਸਦੀ ਇਸ ਗਲਤ ਹਰਕਤ ਨੂੰ ਇਕ ਦਿਨ ਮੈਂ ਚੁਪ ਚਪੀਤੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤਾਕਿ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹਥਿਆਰ ਦੀ ਤੌਰ ਤੇ ਇਸਤਿਮਾਲ ਕੀਤਾ ਜਾ ਸਕੇ। ਇਸ ਗਲ ਦਾ ਇਲਮ ਸਾਧ ਨੂੰ ਬਿਲਕੁਲ ਨਾਂ ਹੋ ਸਕਿਆ। ਹੁਣ ਸਾਧ ਸ਼ਾਮ ਸਿਹੁਂ ਤਕਰੀਬਨ ਮੇਰੀ ਹਰ ਗਲ ਨਾਲ ਸਹਿਮਤ ਹੁੰਦਾ ਸੀ। 
        ਇਕ ਦਿਨ ਮੈਂ ਮੌਕਾ ਤਾੜ ਕੇ ਉਸਨੂੰ ਕਿਹਾ ਕਿ ਬਾਬਾ ਜੀ ਕਿਉਂ ਨਾਂ ਆਪਾਂ ਇਸ ਡੇਰੇ ਨੂੰ ਵੱਡਾ ਬਣਾਈਏ ਤੁਹਾਡੇ ਨਾਮ ਦਾ ਇਕ ਵੱਡਾ ਸਾਰਾ ਬੋਰਡ ਲਾਵਾਂਗੇ, ਤਿਨ ਚਾਰ ਏ ਸੀ ਕਮਰੇ ਵਿਦੇਸ਼ ਆਉਂਦੇ ਜਾਂਦੇ ਐਨ ਆਰ ਆਈ ਲੋਕਾਂ ਲਈ ਤੇ ਕੁਝ ਹੋਰ ਕਮਰੇ ਇਕ ਲੰਗਰ ਹਾਲ ਆਉਂਦੇ ਜਾਂਦੇ ਲੋਕ ਏਥੇ ਰੁਕ ਕੇ ਜਾਇਆ ਕਰਨਗੇ ਚੜ੍ਹਾਵਾ ਵੀ ਚੜ੍ਹਾਇਆ ਕਰਨਗੇ ਜਿਸ ਨਾਲ ਜਿੰਦਗੀ ਮੌਜਾਂ ਨਾਲ ਕਟੇਗੀ। ਮੈਂ ਉਸਨੂੰ ਕਿਸੇ ਹੋਰ ਅਲੀਸ਼ਾਂਨ ਡੇਰੇ ਦੀਆਂ ਖਿਚੀਆਂ ਹੋਈਆਂ ਤਸਵੀਰਾਂ ਵਖਾ ਕੇ ਕਿਹਾ ਕਿ ਘਟੋ ਘਟ ਏਹੋ ਜਿਹਾ ਤੇ ਬਣਾ ਹੀ ਲਵਾਂਗੇ। ਸ਼ਾਮ ਸਿਹੁਂ ਕਹਿਣ ਲੱਗਾ ਚਾਂਹਦਾ ਤੇ ਮੈਂ ਵੀ ਹਾਂ ਪਰ ਏਨੀ ਮਾਇਆ ਦਾ ਬੰਦੋਬਸਤ ਕਿਵੇਂ ਹੋਇਗਾ ਮੈਂ ਕਿਹਾ ਇਸ ਗਲ ਦੀ ਤੁਸੀਂ ਚਿੰਤਾ ਨਾਂ ਕਰੋ ਸਭ ਹੋ ਜਾਏਗਾ। ਏਥੇ ਕੀਤੇ ਗਏ ਖਰਚ ਦੀ ਵਜ੍ਹਾ ਕਰਕੇ ਹੁਣ ਮੇਰੇ ਕੋਲ ਜਮਾਂ ਪੂੰਜੀ ਵੀ ਲਗ ਭਗ ਖਤਮ ਹੋ ਚੁੱਕੀ ਸੀ ।ਆਪਣੀਆਂ ਅਤੇ ਆਪਣੇ ਪ੍ਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੈਂ ਹੋਰ ਪਾਸੇ ਵੀ ਹੱਥ ਪੈਰ ਮਾਰ ਰਿਹਾ ਸੀ ਜਿਸ ਕਰਕੇ ਕੁਝ ਚਿਰ ਮੈਂ ਸਾਧ ਸ਼ਾਮ ਸਿਹੁਂ ਕੋਲ ਨਾਂ ਆ ਸਕਿਆ। 
        ਜਦੋਂ ਬੰਦੇ ਨੂੰ ਦਿਨੇ ਵੀ ਸੁਪਨੇ ਆਉਣੇ ਸ਼ੁਰੂ ਹੋ ਜਾਣ ਤੇ ਉਸ ਦੀ ਬੇਚੈਨੀ ਵਧ ਜਾਂਦੀ ਹੈ ।ਸਾਧ ਸ਼ਾਮ ਸਿਹੁਂ ਨੂੰ ਮਹਿਲ ਨੁਮਾ ਡੇਰੇ ਦੇ ਸੁਪਨੇ ਤੰਗ ਕਰਨ ਲਗ ਪਏ ਤੇ ਮੈਨੂੰ ਮਿਲਣ ਲਈ ਉਸ ਦੀ ਤੜਫ ਵਧ ਗਈ ਕਾਫੀ ਦਿਨਾਂ ਬਾਅਦ ਜਦੋਂ ਮੈਂ ਸਾਧ ਦੇ ਡੇਰੇ ਗਿਆ ਤੇ ਮੈਨੂੰ ਉਹ ਕਹਿਣ ਲੱਗਾ ਕਿ ਚਨਣ ਸਿਹਾਂ ਕੁਝ ਕਰੇਂਗਾ ਵੀ ਕਿ ਬਸ ਐਵੇਂ ਸੁਪਨੇ ਵਖਾ ਕੇ ਹੀ ਦੁਨੀਆ ਤੋਂ ਤੋਰ ਦਵੇਂਗਾ ਮੈਂ ਮਨ ਵਿੱਚ ਸੋਚਿਆ ਕਿ ਹੋਣਾਂ ਤੇ ਏਦਾਂ ਹੀ ਹੈ, ਮੈਂ ਸਮਝ ਗਿਆ ਕਿ ਲੋਹਾ ਹੁਣ ਗਰਮ ਹੈ ਬਸ ਸਟ ਮਾਰਨ ਦੀ ਲੋੜ ਹੈ। ਮੈਂ ਕਿਹਾ ਬਾਬਾ ਜੀ ਕੁਝ ਜਰੂਰੀ ਕੰਮ ਵਿੱਚ ਫਸਿਆ ਸੀ ਹੁਣ ਵੇਹਲਾ ਹੋ ਗਿਆ ਹਾਂ ਛੇਤੀ ਹੀ ਸ਼ੁਰੂ ਕਰ ਦਿਆਂਗੇ ।ਪਹਿਲਾ ਕੰਮ ਤੇ ਸਾਨੂੰ ਏਹ ਕਰਨਾ ਪਵੇਗਾ ਇਸ ਇਮਾਰਤ ਨੂੰ ਢਾਹੁਣਾ ਪਵੇਗਾ ਅਤੇ ਸਾਰੀ ਜਗ੍ਹਾ ਦੀ ਪੈਮਾਇਸ਼ ਕਰਕੇ ਕਿਸੇ ਚੰਗੇ ਨਕਸ਼ੇ ਬਣਾਉਣ ਵਾਲੇ ਕੋਲੋ ਨਕਸ਼ਾ ਤਿਆਰ ਕਰਵਾਂਦੇ ਹਾਂ । ਸਾਧ ਕਹਿਣ ਲੱਗਾ ਕਿ ਰਹਾਂਗੇ ਕਿੱਥੇ ਮੈਂ ਕਿਹਾ ਕਿ ਤੁਹਾਡੇ ਵਾਸਤੇ ਇਕ ਵਧੀਆ ਜਹੀ ਕੁਟੀਆ ਬਣਵਾ ਦਿੰਦਾ ਹਾਂ ਗਰਮੀ ਦਾ ਮੋਸਮ ਹੈ ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਲੱਗੀ। ਉਹ ਇਸ ਗਲ ਲਈ ਰਾਜੀ ਹੋ ਗਿਆ, ਦੂਜੇ ਪਾਸੇ ਮੈਂ ਇਮਾਤਰ ਢਾਹੁਣ ਵਾਲੇ ਠੇਕੇਦਾਰ ਨਾਲ ਇਮਾਰਤ ਦੀ ਕੀਮਤ ਢਾਈ ਲੱਖ ਤੈਅ ਕਰਕੇ ਢਾਹੁਣ ਲਈ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਲੈ ਲeੈ। ਬਾਕੀ ਦਾ ਦੋ ਲੱਖ ਜਿਸ ਦਿਨ ਕੰਮ ਸ਼ੁਰੂ ਹੋਵੇਗਾ ਠੇਕੇਦਾਰ ਨੇ ਦੇਣੇ ਕਰ ਲਏ।
        ਡੇਰੇ ਵਾਲੀ ਥਾਂ ਦੇ ਪਿਛਲੇ ਪਾਸੇ ਮੈਂ ਉਸਨੂੰ ਇਕ ਝੁੱਗੀ ਨੁਮਾ ਕੁਟੀਆ ਬਣਵਾ ਦਿੱਤੀ ਤੇ ਸਾਧ ਦਾ ਬੋਰੀ ਬਿਸਤਰਾ ਓਥੇ ਲਵਾ ਦਿੱਤਾ। ਪੰਜਾਹ ਹਜਾਰ ਤੇ ਮੇਰੀ ਜੇਬ ਵਿੱਚ ਹੀ ਸੀ ਠੇਕੇਦਾਰ ਨੇ ਇਮਾਰਤ ਢਾਂਹਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਮੈਨੂੰ ਬਕਾਇਆ ਦੋ ਲੱਖ ਰੁਪਏ ਵੀ ਦੇ ਦਿੱਤੇ। ਮੈਂ ਜਦੋਂ ਵੀ ਸਾਧ ਕੋਲ ਆਉਣਾ ਕੋਈ ਵਧੀਆ ਫਲ ਫਰੂਟ ਲੈ ਆਉਣਾ । ਪਿੰਡ ਵਾਲਿਆਂ ਨਾਲ ਵਿਗਰਣ ਕਰਕੇ ਜਿੱਥੇ ਸਾਧ ਨੂੰ ਵਧੀਆ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਹੁਣ ਵਧੀਆ ਖਾਣ ਪੀਣ ਨੂੰ ਮਿਲਣ ਲਗ ਪਿਆ ਸੀ, ਸਾਧ ਦੀਆਂ ਬਾਛਾਂ ਖਿੜ ਗਈਆਂ ਸਨ। ਏਧਰ ਲਗ਼ ਭਗ਼ ਮਹੀਨੇ ਸਵਾ ਮਹੀਨੇ ਵਿੱਚ ਠੇਕੇਦਾਰ ਨੇ ਇਮਾਰਤ ਨੂੰ ਰੜੇ ਮਦਾਨ ਵਿੱਚ ਬਦਲ ਦਿੱਤਾ । ਮੈਂ ਫੇਰ ਕੁਝ ਆਉਣਾ ਜਾਣਾ ਘਟਾ ਦਿੱਤਾ ਏਸੇ ਤਰਾਂ ਕਰੀਬ ਢਾਈ ਮਹੀਨੇ ਲੰਘ ਗਏ। ਇਕ ਦਿਨ ਸਾਧ ਮੈਨੂੰ ਕਹਿਣ ਲੱਗਾ ਕਿ ਚਨਣ ਸਿਹਾਂ ਹੁਣ ਬਨਾAਣਾ ਕਦੋਂ ਸ਼ੁਰੂ ਕਰਨਾਂ ਹੈ ਮੈਂ ਕਿਹਾ ਬਾਬਾ ਜੀ ਨਕਸ਼ਾ ਬਣਨੇ ਦਿਤਾ ਹੈ ਬਸ ਪਾਸ ਹੋ ਜਾਏ ਆਪਣਾ ਕੰਮ ਤੇ ਸ਼ੁਰੂ ਹੀ ਹੈ। ਦੋ ਕੁ ਦਿਨਾਂ ਬਾਅਦ ਮੈਂ ਕੁਝ ਕਾਗਜ਼ ਲੈ ਕੇ ਸਾਧ ਕੋਲ ਪਹੁਂਚਿਆ ਤੇ ਕਿਹਾ ਕਿ ਬਾਬਾ ਜੀ ਏਹ ਨਕਸ਼ਾ, ਬਿਜਲੀ ਕਨੈਕਸ਼ਨ ਤੇ ਹੋਰ ਨਿਕਸੁਕ ਬਾਰੇ ਕਾਗਜ਼ ਹਨ ਤੁਸੀ ਆਪਣੇ ਦਸਤਖਤ ਕਰੋ ਬਸ ਪਰਸੋਂ ਤੋਂ ਕਮ ਚਾਲੂ ਸਮਝੋ।
          ਇਹਨਾਂ ਕਾਗਜ਼ਾਂ ਵਿੱਚ ਇਕ ਵਸੀਅਤ ਅਤੇ ਮੁਖਤਿਆਰ ਨਾਮਾ ਵੀ ਮੈਂ ਦਸਤਖਤ ਕਰਵਾ ਲਿਆ ਸੀ। ਡੇਰਾ ਨਾਂ ਬਣਨਾ ਸੀ ਤੇ ਨਾਂ ਕਿਸੇ ਨੇ ਬਨਾਉਣਾ ਸੀ ਜਿਉਂ ਜਿਉਂ ਸਮਾਂ ਲੰਘਦਾ ਗਿਆ ਸਾਧ ਦਾ ਸਬਰ ਵੀ ਟੁਟਣ ਲਗ ਪਿਆ।ਇਕ ਦਿਨ ਮੈਂ ਓਥੇ ਲੱਗਾ ਪਾਣੀ ਦਾ ਨਲਕਾ ਵੀ ਪੁਟਵਾ ਦਿੱਤਾ ਤੇ ਕਿਹਾ ਕਿ ਏਥੇ ਵੱਡਾ ਬੋਰ ਕਰਾਉਣਾ ਹੈ । ਸਾਧ ਨੂੰ ਨਹਾਉਣ ਦੀ ਤੰਗੀ ਤੇ ਹੈ ਹੀ ਸੀ ਨਾਲ ਉਸਨੂੰ ਪੀਣ ਵਾਲਾ ਪਾਣੀ ਆਪ ਭਰ ਕੇ ਲਿਆਉਣਾ ਦੁਖੀ ਕਰਨ ਲਗ ਪਿਆ।ਹੁਣ ਉਹ ਮੈਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲਗ ਪਿਆ।
         ਜਿਸ ਬਦਚਲਣ ਅੋਰਤ ਜੀਤੋ ਦਾ ਸਾਧ ਪਾਸ ਆਉਣ ਸੀ ਇਕ ਦਿਨ ਮੈਂ ਉਸ ਨੂੰ ਲੱਭ ਕੇ ਮੇਰੇ ਵਲੋਂ ਖਿਚੀਆਂ ਤਸਵੀਰਾਂ ਵਖਾ ਕੇ ਕਿਹਾ ਕਿ ਜੇ ਮੇਰੇ ਆਖੇ ਮੁਤਾਬਕ ਨਾਂ ਚੱਲੀ ਤੇ ਏਹਨਾਂ ਤਸਵੀਰਾਂ ਦੇ ਵੱਡੇ ਇਸ਼ਤ੍ਹਾਰ ਬਣਾ ਕੇ ਸਾਰੇ ਇਲਕੇ ਵਿੱਚ ਵੰਡ ਦਿਆਂਗਾ ਤੇ ਜੇ ਮੇਰੇ ਆਖੇ ਲੱਗੇਗੀਂ ਤੇ ਤੈਨੂੰ ਪੰਜਾਹ ਹਜ਼ਾਰ ਰੁਪੱਈਆ ਨਕਦ ਵੀ ਦਵਾਂਗਾ ਤੇ ਤੇਰੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰਾਂਗਾ। ਪਹਿਲਾਂ ਤੇ ਉਸਨੇ ਮੈਨੂੰ ਅੱਖਾਂ ਵਖਾਈਆਂ ਪਰ ਡਰ ਅਤੇ ਲਾਲਚ ਵਿੱਚ ਆ ਕੇ ਛੇਤੀ ਹੀ ਮਨ ਗਈ ਤੇ ਕਹਿਣ ਲੱਗੀ ਕਿ ਮੈਨੂੰ ਕੀ ਕਰਨਾਂ ਹੋਵੇਗਾ। ਮੈਂ ਉਸ ਨੂੰ ਸਾਰੀ ਸਕੀਮ ਸਮਝਾ ਦਿੱਤੀ ਅਤੇ ਉਹ ਏਹ ਸਭ ਕਰਨ ਲਈ ਰਾਜ਼ੀ ਹੋ ਗਈ। ਇਕ ਦਿਨ ਮੈਂ ਪਿੰਡ ਵਾਲਿਆਂ ਨੂੰ ਮਿਲ ਕੇ ਕਿਹਾ ਕਿ ਸਾਧ ਸ਼ਾਮ ਸਿਹੁਂ ਬੜੀ ਮਾੜੀ ਬਿਰਤੀ ਦਾ ਬੰਦਾ ਹੈ ਇਸ ਗਲ ਦਾ ਪਤਾ ਮੈਨੂੰ ਹੁਣੇ ਹੀ ਲੱਗਾ ਹੈ ਸ਼ਾਇਦ ਤੁਸੀ ਤੇ ਇਸ ਬਾਰੇ ਕਾਫੀ ਪਹਿਲਾਂ ਤੋਂ ਹੀ ਜਾਣਦੇ ਹੋ। ਪਿੰਡ ਵਾਲੇ ਕਹਿਣ ਲੱਗੇ ਜਾਣਦੇ ਤੇ ਹੈਗੇ ਸੀ ਪਰ ਕਿਉਂਕਿ ਅਸੀਂ ਆਪ ਆਪਣੇ ਹੱਥੀ ਇਸ ਜਗ੍ਹਾ ਨੂੰ ਸਾਧ ਦੇ ਨਾਮ ਬੈਨਾਮਾਂ ਕਰਕੇ ਦਿੱਤੀ ਹੁਣ ਸਾਡੀ ਕੋਈ ਵਾਹ ਨਹੀਂ ਚਲਦੀ ਅਤੇ ਨਾਂ ਹੀ ਕੋਈ ਅੱਗੇ ਲਗਣ ਨੂੰ ਰਾਜ਼ੀ ਹੈ। ਇਸ ਕਰਕੇ ਲਗ਼ ਭਗ਼ ਸਾਡੇ ਸਾਰੇ ਪਿੰਡ ਨੇ ਹੀ ਸਾਧ ਦਾ ਤੇ ਡੇਰੇ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਇਕ ਦੋ ਬੰਦਿਆਂ ਨੂੰ ਛਡ ਕੇ ਸਾਡੇ ਪਿੰਡੋਂ ਕੋਈ ਵੀ ਉਸਦੇ ਡੇਰੇ ਤੇ ਨਹੀਂ ਆਉਂਦਾ ਜਾਂਦਾ। ਉਹ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਤੇ ਸ਼ਹਿਰ ਵਿੱਚ ਅਫਸਰ ਲੋਕਾਂ ਨਾਲ ਵਾਹ ਪੈਂਦਾ ਹੋਏਗਾ ਜੇ ਤੁਸੀ ਕੁਝ ਕਰ ਸਕੋ ਤੇ ਅਸੀਂ ਹਰ ਤਰ੍ਹਾਂ ਨਾਲ ਤੁਹਾਡਾ ਸਾਥ ਦਿਆਂਗੇ।
          ਹੁਣ ਮੈਂ ਇਕ ਦਿਨ ਆਪਣੀ ਬਣਾਈ ਹੋਈ ਸਕੀਮ ਮੁਤਾਬਕ ਸ਼ਾਮ ਦੇ ਹਨੇਰੇ ਜਿਹੇ ਜੀਤੋ ਨੂੰ ਸਾਧ ਸ਼ਾਂਮ ਸਿਹੁਂ ਦੇ ਡੇਰੇ ਕੁਟੀਆ ਵਿੱਚ ਭੇਜ ਦਿੱਤਾ । ਸਾਂਡ ਆਸ਼ਰਮ ਦਾ ਸਰਕਾਰੀ ਸਾ੍ਹਨ ਮੇਰੇ ਵਲੋਂ ਦਿੱਤੇ ਫਰੂਟ ਤੇ ਮੇਵੇ ਖਾ ਕੇ ਫਿਟਿਆ ਹੋਇਆ ਹੋਣੀ ਤੋਂ ਅਨਜਾਣ ਆਪਣੀ ਖੇਡ ਵਿੱਚ ਮਸਤ ਹੋ ਗਿਆ । ਏਨੇ ਨੂੰ ਮੈਂ ਪਿੰਡ ਤੋਂ ਕਾਫੀ ਸਾਰੇ ਲੋਕ ਲੈਕੇ ਕੁਟੀਆ ਨੂੰ ਘੇਰਾ ਪਾ ਲਿਆ ਮੇਰੀ ਦੱਸੀ ਹੋਈ ਸਕੀਮ ਮੁਤਾਬਕ ਬੈਟਰੀ ਦੀ ਰੋਸ਼ਨੀ ਪੈਂਦਿਆਂ ਸਾਰ ਹੀ ਜੀਤੋ ਨੇ ਬਚਾਉ ਬਚਾਉ ਦਾ ਰੌਲ਼ਾ ਪਾਉਣਾਂ ਸ਼ੁਰੂ ਕਰ ਦਿੱਤਾ। ਪੁਲੀਸ ਨੂੰ ਮੈਂ ਪਹਿਲਾਂ ਹੀ ਗੰਢ ਚੁੱਕਾ ਸੀ । ਅਸੀਂ ਸਾਰਿਆਂ ਨੇ ਰਲ਼ ਕੇ ਸਾਧ ਤੇ ਜੀਤੋ ਨੂੰ ਅਧਨੰਗੀ ਹਾਲਤ ਵਿੱਚ ਬਾਹਰ ਖਿੱਚ ਲਿਆ । ਪੁਲੀਸ ਵੀ ਮੋਕੇ ਤੇ ਪਹੁਂਚ ਗਈ ਜੀਤੋ ਨੇ ਆਪਣਾ ਬਿਆਨ ਲਿਖਵਾ ਦਿੱਤਾ ਕਿ ਮੈਂ ਸ਼ਰਧਾ ਵਸ ਬਾਬੇ ਨੂੰ ਲੰਗਰ ਪ੍ਰਸ਼ਾਦਾ ਦੇਣ ਆਈ ਸੀ ਤੇ ਇਸ ਨੇ ਮੇਰੇ ਨਾਲ ਏਹ ਕਰਤੂਤ ਕਰ ਦਿੱਤੀ। ਸਾਧ ਡੋਰ ਭੌਰਾ ਵੇਖੇ ਕਿ ਇਹ ਕੀ ਬਣਿਆਂ! ਜਿਸ ਹਾਲਤ ਵਿੱਚ ਉਸ ਨੂੰ ਫੜਿਆ ਸੀ ਮੁਕਰ ਵੀ ਨਹੀਂ ਸੀ ਸਕਦਾ । ਪੁਲਸ ਮੇਰੀ ਪਹਿਲਾਂ ਹੀ ਬੰਨੀ ਹੋਈ ਸੀ ਸੋ ਪੁਲਸ ਨੇ ਸਾਧ ਨੂੰ ਥਾਣੇ ਲਿਆਕੇ ਬਲਾਤਕਾਰ ਦਾ ਕੇਸ ਪਾਕੇ ਜ੍ਹੇਲ ਭੇਜ ਦਿੱਤਾ।
           ਪਿੰਡ ਵਾਲੇ ਤੇ ਪਹਿਲਾਂ ਹੀ ਉਸ ਤੋਂ ਅੱਕੇ ਹੋਏ ਸੀ ਸੋ ਉਨ੍ਹਾਂ ਦੇ ਸਾਧ ਦੇ ਖਿਲਾਫ ਠੋਕ ਕੇ ਗਵਾਹੀਆਂ ਦਿੱਤੀਆਂ। ਸਾਧ ਨੂੰ ਸਤ ਸਾਲ ਦੀ ਬਾ ਮੁਸ਼ਕਤ ਕੈਦ ਹੋ ਗਈ । ਇਕ ਤੇ ਵੇਹਲੜ ਬੰਦਾ ਜਿਸ ਨੇ ਸਾਰੀ ਜਿੰਦਗੀ ਕੋਈ ਕੰਮ ਨਾਂ ਕੀਤਾ ਹੋਵੇ ਜ੍ਹੇਲ ਵਿੱਚ ਕੰਮ ਕਰਨਾ ਕੇਹੜਾ ਸੌਖਾ ਸੀ। ਸਾਧ ਬੀਮਾਰ ਰਹਿਣ ਲਗ ਪਿਆ ਚਾਰ ਕੁ ਸਾਲਾਂ ਬਾਅਦ ਕਿਸੇ ਗੰਭੀਰ ਬੀਮਾਰੀ ਨਾਲ ਜ੍ਹੇਲ ਵਿੱਚ ਹੀ ਸਾਧ ਦੀ ਮੌਤ ਹੋ ਗਈ। ਜਗ੍ਹਾ ਦਾ ਮੁਖਤਿਆਰ ਨਾਮਾਂ ਤੇ ਵਸੀਅਤ ਤੇ ਮੈਂ ਪਹਿਲਾਂ ਹੀ ਆਪਣੇ ਨਾਮ ਲੈ ਚੁੱਕਾ ਸੀ । ਸੋ ਇਸ ਜਗ੍ਹਾ ਦਾ ਮਾਲਕ ਹੁਣ ਮੈਂ ਹਾਂ ਬਸ ਗੁਜਾਰਾ ਚੱਲੀ ਜਾਂਦਾ ਹੈ । ਹੁਣ ਹੋਰ ਕੋਈ ਨਸ ਭਜ ਨਹੀ ਕਰਨੀ ਪੈਂਦੀ ਜਿੰਦਗੀ ਠੀਕ ਚਲੀ ਜਾ ਰਹੀ ਹੈ ਬਸ ਇਕੋ ਗਲ ਦਾ ਰੰਜ਼ ਹੈ ਇਸ ਸਭ ਵਾਸਤੇ ਜਿੰਨੀ ਮੈਂ ਮੇਹਨਤ ਕੀਤੀ ਹੈ ਬੱਚਿਆਂ ਵਲੋਂ ਸਾਥ ਨਹੀਂ ਮਿਲਿਆ। ਵੱਡਾ ਮੁੰਡਾ ਨਸ਼ਿਆਂ ਵਿੱਚ ਗਰਕ ਹੋਇਆ ਪਇਆ ਹੈ ਢਾਬੇ ਤੋਂ ਪੈਸੇ ਚੁਕ ਕੇ ਆਪਣੇ ਨਸ਼ਿਆਂ ਦਾ ਭੁਸ ਪੂਰਾ ਕਰਨ ਲਈ ਰ੍ਹੋੜ ਛਡਦਾ ਹੈ ਜੇ ਕੁਝ ਕਹਿੰਦਾ ਹਾਂ ਤੇ ਹੱਥੀਂ ਪੈਂਦਾ ਹੈ । ਛੋਟਾ ਓਦਾਂ ਹੀ ਪੋਲੀਉ ਦਾ ਮਾਰਿਆ ਕੁਝ ਕਰਨ ਯੋਗਾ ਨਹੀ ਸਵਾਏ ਢਾਬੇ ਦੇ ਗੱਲੇ ਤੇ ਬਹਿਣ ਦੇ ਤੁਸੀ ਪੁਰਾਣੇ ਬੇਲੀ ਸੌ ਤਾਂ ਤੁਹਾਡੇ ਨਾਲ ਸਭ ਦੁਖ ਸੁਖ ਸਾਂਝਾ ਕਰ ਲਿਆ ਹੈ ।
          ਚਨਣ ਸਿਹੁਂ ਦੀਆਂ ਗੱਲਾਂ ਸੁਣਦਿਆਂ ਕਾਫੀ ਸਮਾਂ ਲੰਘ ਗਿਆ । ਅਸੀਂ ਤੁਰਨ ਲੱਗੇ ਤੇ ਚੰਨਾਂ ਕਹਿਣ ਲੱਗਾਂ ਕਿ ਰੋਟੀ ਦੇ ਪੈਸੇ ਤੁਸੀਂ ਰਹਿਣ ਦੇਣੇ ਸੀ । ਮੈਂ ਕਿਹਾ ਕਿ ਰੋਟੀ ਕਿਤਿਉਂ ਵੀ ਖਾਦੇ ਪੈਸੇ ਤੇ ਦੇਣੇ ਹੀ ਸੀ ਚਲ ਕੋਈ ਗਲ ਨਹੀਂ।ਮੈਂ ਮਨ ਵਿੱਚ ਸੋਚਿਆਂ ਤੇਰੀ ਪਾਪ ਦੀ ਕਮਾਈ ਵਿੱਚ ਮੈਂ ਕਿਉਂ ਹਿੱਸੇਦਾਰ ਬਣਾਂ। ਸੋ ਅਸੀਂ ਆਪਣੀ ਮੰਜ਼ਿਲ ਵਲ ਤੁਰ ਪਏ ਮੇਰੇ ਨਾਲ ਬੈਠੇ ਮੇਰੇ ਛੋਟੇ ਵੀਰ ਦਲਜੀਤ ਨੇ ਮੈਨੂੰ ਸਵਾਲ ਕੀਤਾ ਕਿ ਭਾਜੀ ਚਨਣ ਸਿਹੁਂ ਨੇ ਠੀਕ ਕੀਤਾ ਨਾਂ? ਮੈਂ ਕਿਹਾ ਕਿ ਨਹੀਂ ਦੋਨੇ ਹੀ ਗਲਤ ਸਨ। ਉਸ ਡੇਰੇ ਵਾਲੀ ਥਾਂ ਨੂੰ ਸਾਧ ਕੋਲੋਂ ਖਾਲੀ ਕਰਵਾ ਕੇ ਕਿਸੇ ਸਕੂਲ ਜਾਂ ਹਸਪਤਾਲ ਨੂੰ ਦੇ ਦੇਣੀ ਚਾਹੀਦੀ ਸੀ। ਦਲਜੀਤ ਸਿਹਾਂ ਜ਼ਹਿਰ ਬੀਜਿਆਂ ਜ਼ਹਿਰ ਹੀ ਪੈਦਾ ਹੁੰਦਾ ਹੈ । ਏਸੇ ਵਾਸਤੇ ਚੰਨਣ ਸਿਹੁਂ ਅੱਜ ਬਚਿਆਂ ਤੋਂ ਦੁਖੀ ਹੈ। ਹੈਨ ਤੇ ਦੋਨੋ ਹੀ ਠੱਗ੍ਹ ਸਿਰਫ ਚੇਹਰੇ ਹੀ ਵੱਖੋ ਵੱਖਰੇ ਹਨ।ਹੁਣ ਸਾਡੀਆਂ ਗਲਾਂ ਵਿੱਚ ਚੁਪ ਛਾ ਗਈ ਸੀ॥