charcha
HOME
PAGE

ਇਕ ਰੰਗ ਇਹ ਵੀ/ਕੱਚ ਸੱਚ

to contact: D.S. Dhillon (0044) 07878228283
e.mail: d.darshan@btinternet.com
or Gurnam Kanwar Chandigarh
e.mail: gurnamkanwar@gmail.com
 
ਜਿਮਖ਼ਾਨੇ ਨੂੰ ਬਣਾ ਦਿੱਤਾ ਗੁਰਦੁਆਰਾ ਪਹਿਲੀ ਪਾਤਸ਼ਾਹੀ

ਸੁਰਿੰਦਰ ਕੋਛੜ
366-ਸੀ, ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ 
ਫੋਨ : 7837849764, 9356127771

ਪਾਕਿਸਤਾਨੀ ਕਵੀ-ਲੇਖਕ ਇਕਬਾਲ ਕੇਸਰ ਦਾ ਨਾਂਅ ਪਾਕਿਸਤਾਨ ਤੋਂ ਬਾਹਰ ਦੂਸਰੇ ਦੇਸ਼ਾਂ 'ਚ ਰਹਿੰਦੇ ਸਿੱਖਾਂ ਵਲੋਂ ਬੜੇ ਸਨਮਾਨ ਨਾਲ ਲਿਆ ਜਾਂਦਾ ਰਿਹਾ ਹੈ।ਇਹ ਸਨਮਾਨ ਉਸ ਨੂੰ ਇਸ ਲਈ ਦਿੱਤਾ ਜਾਂਦਾ ਰਿਹਾ ਹੈ ਕਿਉਂਕਿ ਉਸ ਨੇ ਸੰਨ 1998 ਦੇ ਆਸ-ਪਾਸ ਜਿਹੇ 'ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿਤੱਰ ਅਸਥਾਨ' ਪੁਸਤਕ ਲਿੱਖ ਕੇ ਉਸ ਵਿਚ ਕਥਿਤ ਤੌਰ 'ਤੇ ਪਾਕਿਸਤਾਨ ਵਿਚਲੇ 175 ਸਿੱਖਾਂ ਨਾਲ ਸੰਬੰਧਿਤ ਅਸਥਾਨਾਂ ਦਾ ਵੇਰਵਾ ਦੇਣ ਦਾ ਦਾਅਵਾ ਕੀਤਾ ਸੀ।
ਦਰਅਸਲ, ਹੋਇਆ ਇੰਝ ਕਿ ਅਚਾਨਕ ਕਿਸੇ ਤਰ੍ਹਾਂ ਨਾਲ ਇਕਬਾਲ ਦੇ ਹੱਥ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ 'ਮਹਾਨ ਕੋਸ਼' ਲੱਗ ਗਿਆ।ਗੁਰਮੁੱਖੀ ਲਿਖਣ ਅਤੇ ਪੜ੍ਹਨ ਦਾ ਗਿਆਨ ਰਖੱਣ ਵਾਲੇ ਇਕਬਾਲ ਲਈ ਉਹ 'ਮਹਾਨ ਕੋਸ਼' ਹੀਰੇ ਦੀ ਖ਼ਾਨ ਵਾਂਗੂ ਸਾਬਤ ਹੋਇਆ।ਉਸਨੇ ਮਹਾਨ ਕੋਸ਼ ਵਿਚ ਦਿੱਤੇ ਗੁਰਦੁਆਰਿਆਂ ਨੂੰ ਤਰਤੀਬ ਦਿੱਤੀ, ਜਿਵੇਂ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਹਿਬ ਦੇ ਗੁਰਦੁਆਰੇ, ਫਿਰ ਗੁਰੂ ਅੰਗਦ ਦੇਵ ਜੀ ਦੇ ਅਤੇ ਫਿਰ ਤਿੱਜੀ, ਚੌਥੀ, ਪੰਜਵੀਂ, ਛੇਵੀਂ ਅਤੇ ਸੱਤਵੀਂ ਪਾਤਿਸ਼ਾਹੀ ਦੇ ਗੁਰਦੁਆਰਿਆਂ ਨਾਲ ਸੰਬੰਧਿਤ ਜਾਣਕਾਰੀ ਜਿਉਂ ਦੀ ਤਿਉਂ ਕ੍ਰਮਵਾਰ ਨਕਲ ਕਰਕੇ ਲਿੱਖ ਦਿੱਤੀ।ਗੁਰਦੁਆਰਿਆਂ ਦੀ ਮੌਜੂਦਾ ਸਥਿਤੀ, ਭਾਵ ਉਹ ਪਾਕਿਸਤਾਨ ਦੇ ਕਿਸ ਪਿੰਡ, ਕਸਬੇ ਜਾਂ ਸ਼ਹਿਰ ਵਿਚ ਅਤੇ ਕਿਸ ਹਾਲ ਵਿਚ ਹਨ, ਬਾਰੇ ਵਿਚ ਜਾਣਕਾਰੀ ਇਕਠਾ ਕਰਨਾ ਵੀ ਉਸ ਲਈ ਕੋਈ ਵਧੇਰੇ ਮੁਸ਼ਕਿਲ ਕੰਮ ਨਹੀਂ ਸੀ, ਕਿਉਂਕਿ ਸੰਨ 1962 ਵਿਚ ਪਾਕਿਸਤਾਨ ਦੇ ਆਰਕਿAਲਾਜੀ ਵਿਭਾਗ, ਮਨਿਸਟਰੀ ਆਫ਼ ਐਜੂਕੇਸ਼ਨ ਐਂਡ ਇਨਫ਼ਾਰਮੇਸ਼ਨ, ਵਲੋਂ ਖ਼ਾਨ ਮੁਹੰਮਦ ਵਲੀਉੱਲਾ ਖ਼ਾਨ ਪਹਿਲਾਂ ਤੋਂ ਹੀ ਪੁਸਤਕ 'ਸਿੱਖ ਸ਼ਰਾਈਨਜ਼ ਇਨ ਵੈਸਟ ਪਾਕਿਸਤਾਨ' ਲਿਖਕੇ ਗੁਰਦੁਆਰਿਆਂ ਅਤੇ ਸਿੱਖ ਯਾਦਗਾਰਾਂ ਦੀ ਜਾਣਕਾਰੀ ਬਲੈਕ ਐਂਡ ਵਾਈਟ ਤਸਵੀਰਾਂ ਸਹਿਤ ਸਾਹਮਣੇ ਰੱਖ ਚੁੱਕੇ ਸਨ।ਪਰ ਜਿਸ ਤਰ੍ਹਾਂ ਕਿਸੇ ਕਾਰਨ ਕਰਕੇ ਵਲੀਉੱਲਾ ਖ਼ਾਨ ਨੇ 'ਸਿੱਖ ਸ਼ਰਾਈਨਜ਼ ਇਨ ਵੈਸਟ ਪਾਕਿਸਤਾਨ' ਵਿਚ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ 'ਮਹਾਨ ਕੋਸ਼' ਵਿਚ ਸਰਗੋਧਾ, ਬੀਰਾ, ਥਪੜਕਰ, ਰੋਹੜੀ, ਕੁਹਾਟ ਆਦਿ ਸ਼ਹਿਰਾਂ ਵਿਚਲੇ ਗੁਰਦੁਆਰਿਆਂ ਅਤੇ ਸਿੱਖ ਯਾਦਗਾਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਫ਼ੈਸਲਾਬਾਦ, ਸਿੰਧ ਤੇ ਕਰਾਚੀ ਵਿਚਲੀਆਂ ਬਹੁਤ ਸਾਰੀਆਂ ਸਿੱਖ ਯਾਦਗਾਰਾਂ ਸੰਬੰਧੀ ਕੋਈ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਿਤੀ, ਉਸੇ ਪ੍ਰਕਾਰ ਇਕਬਾਲ ਕੇਸਰ ਨੇ ਵੀ ਉਹਨਾਂ ਦੀ ਨਕਲ ਕਰਦੇ ਹੋਏ ਪਾਕਿਸਤਾਨ 'ਚ ਰਹਿੰਦਿਆਂ ਹੋਇਆਂ ਵੀ ਉਪਰੋਕਤ ਇਲਾਕਿਆਂ ਵਿਚਲੀਆਂ ਸਿੱਖ ਯਾਦਗਾਰਾਂ ਨੂੰ ਤਲਾਸ਼ਣ ਦੀ ਕੋਈ ਲੋੜ ਨਾ ਸਮਝੀ।ਪਰ ਇਸ ਦੇ ਉਲਟ ਉਸਨੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਅਤੇ ਆਪਣੀ ਪੁਸਤਕ ਵਿਚਲੇ ਪਾਕਿਸਤਾਨੀ ਗੁਰਦੁਆਰਿਆਂ ਦੀ ਗਿਣਤੀ ਵਧਾਉਣ ਲਈ ਜਿੱਥੇ ਕੁਝ ਨਿਰੋਲ ਦਰਗਾਹਾਂ, ਮਸੀਤਾਂ, ਮੰਦਰਾਂ ਅਤੇ ਪਿੰਡਾ ਦੇ ਕੱਚੇ ਘਰਾਂ ਦੇ ਖੰਡਰਨੁਮਾ ਢਾਂਚਿਆਂ ਨੂੰ ਗੁਰਦੁਆਰਿਆਂ ਦੀ ਸੂਚੀ ਵਿਚ ਸ਼ਾਮਿਲ ਕਰ ਦਿੱਤਾ, ਉੱਥੇ ਹੀ ਕਰਾਚੀ ਸ਼ਹਿਰ 'ਚ ਜਸਟਿਸ ਐਮæਆਰæ ਕਿਆਨੀ ਰੋਡ 'ਤੇ ਸਥਿਤ ਆਰਟ ਕੌਂਸਲ ਦੇ ਬਿਲਕੁਲ ਸਾਹਮਣੇ ਸਰਵਰ ਸ਼ਹੀਦ ਰੋਡ 'ਤੇ ਮੌਜੂਦ ਇਕ ਪੁਰਾਣੇ ਹਿੰਦੂ ਜਿਮਖ਼ਾਨੇ ਦੀ ਇਮਾਰਤ ਨੂੰ ਆਪਣੀ ਪੁਸਤਕ ਦੇ ਸਫ਼ਾ 128 'ਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੱਸ ਦਿੱਤਾ।ਮੈਂ ਇਸ ਲੇਖ ਦੇ ਨਾਲ ਹੀ ਸੰਨ 1925 ਵਿਚ ਬਣੇ ਉਪਰੋਕਤ ਹਿੰਦੂ ਜਿਮਖ਼ਾਨੇ ਦੀ ਰੰਗਦਾਰ ਤਸਵੀਰ ਪ੍ਰਕਾਸ਼ਿਤ ਕਰ ਰਿਹਾ ਹਾਂ, ਤਾਂ ਕਿ ਪਾਠਕਾਂ ਨੂੰ ਕੋਈ ਭੁਲੇਖਾ ਨਾ ਰਹੇ।ਹਾਲਾਂਕਿ ਇਸ ਸਥਾਨ ਦੇ ਬਾਹਰ ਮੱਥੇ 'ਤੇ ਹੀ ਵੱਡੇ-ਵੱਡੇ ਅੰਗਰੇਜ਼ੀ ਦੇ ਅੱਖਰਾਂ ਵਿਚ ''ਸੇਠ ਰਾਮ ਗੋਪਾਲ ਗੋਵਰਧਨ ਦਾਸ ਮਹੋਤਾ-ਹਿੰਦੂ ਜਿਮਖ਼ਾਨਾ'' ਲਿਖਿਆ ਹੋਇਆ ਹੈ ਅਤੇ ਕਰਾਚੀ 'ਚ ਰਹਿਣ ਵਾਲਾ ਕੋਈ ਹੀ ਅਜਿਹਾ ਵਸਨੀਕ ਹੋਵੇਗਾ ਜੋ ਇਸ ਦੇ ਇਤਿਹਾਸ ਤੋਂ ਜਾਣੂ ਨਾ ਹੋਵੇ ਪਰ ਇਕਬਾਲ ਨੇ ਜਾਣਬੁਝ ਕੇ ਗੁੰਮਰਾਹ ਕਰਨ ਦੇ ਇਰਾਦੇ ਨਾਲ ਉਪਰੋਕਤ ਸਥਾਨ ਨੂੰ ''ਗੁਰਦੁਆਰਾ ਪਹਿਲੀ ਪਾਤਿਸ਼ਾਹੀ ਕਰਾਚੀ'' ਦੱਸ ਦਿੱਤਾ।ਇਸੇ ਤਰ੍ਹਾਂ ਇਸ ਲੇਖਕ ਨੇ ਸਫ਼ਾ 136 'ਤੇ ਸਿੰਧ ਦੇ ਬੁਲਾਣੀ ਸ਼ਹਿਰ ਦੇ ਇਕ ਸਥਾਨਕ ਸੰਤ ਆਜੂ ਲਾਲ ਝੋਲੀ ਲਾਲ ਦੀ ਯਾਦਗਾਰ ਨੂੰ ਵੀ ''ਗੁਰਦੁਆਰਾ ਪਹਿਲੀ ਪਾਤਿਸ਼ਾਹੀ ਬੁਲਾਣੀ'' ਲਿੱਖ ਦਿੱਤਾ, ਹਾਲਾਂਕਿ ਉਸਦੇ ਬਾਹਰ ਵੀ ਉਰਦੂ ਵਿਚ ਆਜੂ ਲਾਲ ਝੋਲੀ ਲਾਲ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ।ਇਸੇ ਪ੍ਰਕਾਰ ਕਿਸੇ ਜਗ੍ਹਾ ਲੱਗੇ ਪਾਥੀਆਂ ਦੇ ਢੇਰ ਦੀ ਤਸਵੀਰ ਨੂੰ ਉਸਨੇ ਆਪਣੀ ਪੁਸਤਕ ਦੇ ਸਫ਼ਾ 162 'ਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ (ਮਲ੍ਹਾ-ਨਾਰੋਵਾਲ), ਕੁਝ ਢੱਠੇ ਜਿਹੇ ਘਰਾਂ ਦੀਆਂ ਤਸਵੀਰਾਂ ਨੂੰ ਗੁਰਦੁਆਰਾ ਲਹੂੜਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ (ਮਾਣਕ ਦੇਕੇ), ਗੁਰਦੁਆਰਾ ਛੋਟਾ ਨਾਨਕਿਆਣਾ (ਹੁਜਰਾ ਸ਼ਾਹ ਮੁਕੀਮ) ਅਤੇ ਦੋ ਪੁਰਾਣੇ ਬੇ-ਨਾਮ ਖੂਹਾਂ ਨੂੰ ਕ੍ਰਮਵਾਰ ਗੁਰਦੁਆਰਾ ਥੜਾ ਸਾਹਿਬ (ਉਚ ਸ਼ਰੀਫ਼) ਅਤੇ ਗੁਰਦੁਆਰਾ ਨਾਨਕਸਰ (ਡਿੰਗਾ) ਦਸੱਣ ਦੇ ਨਾਲ-ਨਾਲ ਕਰੀਬ ਦੋ ਦਰਜ਼ਨ ਤੋਂ ਵਧੇਰੇ ਏਧਰ-ਉਧਰ ਲਈਆਂ ਤਸਵੀਰਾਂ ਨੂੰ ਸਿੱਖ ਗੁਰਧਾਮ ਦਰਸਾਇਆ ਹੈ।
ਪਾਠਕਾਂ ਦੀ ਜਾਣਕਾਰੀ ਲਈ ਦਸੱਣਾ ਚਾਹਾਂਗਾ ਕਿ ਸੂਬਾ ਸਿੰਧ ਦੇ ਕਰਾਚੀ ਸ਼ਹਿਰ ਦੀ ਸਰਵਰ ਸ਼ਹੀਦ ਰੋਡ 'ਤੇ ਸੰਨ 1925 'ਚ ਸਥਾਪਿਤ ਕੀਤਾ ਗਿਆ ਹਿੰਦੂ ਜ਼ਿਮਖ਼ਾਨਾ (ਪਲਾਟ ਨੰਬਰ 24, ਆਰæਬੀæ 10) ਕਰਾਚੀ ਦਾ ਪਹਿਲਾ ਅਜਿਹਾ ਸਮਾਰਕ ਹੈ, ਜਿਸ ਨੂੰ ਉੱਚੀ ਸ਼੍ਰੇਣੀ ਦੇ ਹਿੰਦੂਆਂ ਨੇ ਭਾਰੀ ਮਾਇਆ ਖ਼ਰਚ ਕੇ ਮੁਗ਼ਲ ਭਵਨ ਕਲਾ ਨਮੂਨੇ ਦਾ ਬਣਵਾਇਆ ਸੀ।ਇਸ ਦਾ ਡਿਜ਼ਾਇਨ ਉਸ ਸਮੇਂ ਦੇ ਪ੍ਰਸਿਧ ਆਰਕੀਟੇਕਚਰ ਆਗ਼ਾ ਅਹਮਦ ਹੁਸੈਣ ਨੇ ਤਿਆਰ ਕੀਤਾ, ਜੋ ਇਤਾਮਦਉੱਦਾਉਲਾ ਦੇ ਆਗਰਾ ਵਿਚ ਸਥਿਤ ਮਕਬਰੇ ਨਾਲ ਹੂ-ਬ-ਹੂ ਮਿਲਦਾ-ਜੁਲਦਾ ਹੈ।ਇਸ ਦੇ ਅੰਦਰ ਵੱਡੇ ਹਾਲ ਅਤੇ ਕੁਝ ਛੋਟੇ ਕਮਰੇ ਬਣੇ ਹੋਏ ਹਨ।ਸਿੰਧ ਕਲਚਰਲ ਹੇਰੀਟੇਜ਼ ਐਕਟ 1994 ਦੇ ਅਧੀਨ ਇਸ ਸਮਾਰਕ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕੀਤਾ ਗਿਆ ਹੈ।ਵਕਫ਼ ਬੋਰਡ ਦੀ ਮਲਕੀਅਤ ਇਸ ਆਲੀਸ਼ਾਨ ਸਮਾਰਕ ਨੂੰ 30 ਸਾਲ ਦੀ ਲੀਜ਼ 'ਤੇ ਲੈ ਕੇ ਇਸ ਵਿਚ ਸਤੰਬਰ 2005 ਵਿਚ ਨੈਸ਼ਨਲ ਅਕੈਡਮੀ ਆਫ਼ ਪਰਫ਼ਾਰਮਿੰਗ ਆਰਟਸ (ਐਨæਏæਪੀæਏæ) ਸ਼ੁਰੂ ਕੀਤਾ ਗਿਆ, ਜੋ ਅੱਜ ਵੀ ਇਸ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ।ਉਧਰ ਸਿੰਧ ਦਾ ਕਲਚਰਲ ਅਤੇ ਟੂਰਿਜ਼ਮ ਮੰਤ੍ਰਾਲਿਆ ਐਨæਏæਪੀæਏæ ਪਾਸੋ ਇਹ ਸਮਾਰਕ ਖਾਲੀ ਕਰਾਉਣ ਲਈ ਲਗਾਤਾਰ ਉਸ 'ਤੇ ਦਬਾਅ ਪਾ ਰਿਹਾ ਹੈ।ਇਸ ਸੰਬੰਧ ਵਿਚ ਐਨæਏæਪੀæਏæ ਦੇ ਪ੍ਰਬੰਧਕਾਂ ਨੇ ਸਿੰਧ ਹਾਈਕੋਰਟ ਵਿਚ ਕੇਸ ਨੰæ 1646/08 ਦਾਇਰ ਕਰ ਰੱਖਿਆ ਹੈ।
ਇਹ ਉਪਰੋਕਤ ਤੱਥ ਉਸ ਵਕਤ ਮੇਰੇ ਸਾਹਮਣੇ ਆਏ ਜਦੋਂ ਮੈਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਅਤੇ ਸਿੱਖ ਯਾਦਗਾਰਾਂ 'ਤੇ ਖੋਜ਼ ਕਰਕੇ ਪੁਸਤਕ 'ਦਰਸ਼ਨ ਦੀਦਾਰ' ਲਿੱਖ ਰਿਹਾ ਸਾਂ।ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਹਿੱਤ ਪਾਕਿਸਤਾਨ 'ਚ ਰਹਿ ਗਏ ਗੁਰਦੁਆਰਿਆਂ ਦੀ ਖੋਜ ਕਰਨ ਲਈ ਕਈ ਵਾਰ ਪਾਕਿਸਤਾਨ ਜਾਣਾ ਪਿਆ।ਇਸ ਦੇ ਇਲਾਵਾ ਮੇਰੀ ਖੋਜ ਦਾ ਮੁੱਖ ਆਧਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼, ਡਿਸਟ੍ਰਿਕਟ ਗ਼ਜ਼ੇਟੀਅਰ ਅਟਕ (ਸੰਨ 1930), ਡੇਰਾ ਗ਼ਾਜ਼ੀ ਖ਼ਾਨ (1893-97), ਗੁਜਰਾਂਵਾਲਾ (1895 ਤੇ 1935), ਗੁਜਰਾਤ (1920), ਝੰਗ (1929), ਜੇਹਲਮ (1904), ਚਨਾਬ (1904), ਮੀਆਂਵਲੀ (1915), ਮਿੰਟਗੁਮਰੀ (1915), ਮੁਲਤਾਨ (1901-02), ਸ਼ਾਹਪੁਰ (1870-74) ਅਤੇ ਸਟੇਟ ਗ਼ਜ਼ੇਟੀਅਰ ਬਹਾਵਲਪੁਰ (1904), ਤਵਾਰੀਖ਼-ਏ-ਪੰਜਾਬ, ਸਿੱਖ ਸ਼ਰਾਈਨਜ਼ ਇਨ ਵੈਸਟ ਪਾਕਿਸਤਾਨ ਅਤੇ ਗੁਰਦੁਆਰਿਆਂ ਦੇ ਬਾਹਰ ਲੱਗੇ ਸਿਲ੍ਹ-ਪੱਥਰ ਰਹੇ।ਇਨ੍ਹਾਂ ਦੀ ਬਦੌਲਤ ਅਤੇ ਮੇਰੀ ਨਿੱਜੀ ਖੋਜ਼ ਸਦਕਾ ਹੀ ਮੈਂ ਆਪਣੀ ਪੁਸਤਕ 'ਦਰਸ਼ਨ ਦੀਦਾਰ' ਵਿਚ ਪਾਕਿਸਤਾਨ ਵਿਚਲੇ 250 ਤੋਂ ਵਧੇਰੇ ਸਿੱਖ ਯਾਦਗਾਰਾਂ ਦੀ ਜਾਣਕਾਰੀ ਢੁਕਵੀਆਂ ਤਸਵੀਰਾਂ ਸਹਿਤ ਦੇਣ 'ਚ ਕਾਮਯਾਬ ਹੋ ਸਕਿਆ।
ਖੈਰ, ਇਕਬਾਲ ਕੇਸਰ ਦੀ ਪੁਸਤਕ 'ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿਤੱਰ ਅਸਥਾਨ' ਵਿਚ ਕੀਤੀਆਂ ਉਪਰੋਕਤ ਅਤਿ ਭਿਆਨਕ ਗਲਤੀਆਂ ਤੋਂ ਅਣਜਾਣ ਭਾਰਤ ਅਤੇ ਵਿਦੇਸ਼ ਵਸਦੇ ਸਿੱਖਾਂ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਤੇ ਜੱਥੇਬੰਦੀਆਂ ਨੇ ਧੜ੍ਹਾ-ਧੜ ਉਸਦੀ ਪੁਸਤਕ ਖਰੀਦਣ ਦੇ ਨਾਲ-ਨਾਲ ਉਸ ਨੂੰ ਅਲਗ ਤੋਂ ਲੱਖਾਂ ਰੁਪਏ ਮਾਨ-ਸਨਮਾਨ ਵਜੋਂ ਦੇ ਕੇ ਉਸ ਨੂੰ ਚੰਗੀ ਇੱਜ਼ਤ ਬਖ਼ਸ਼ੀ, ਪਰ ਉਹ ਉਸ ਨੂੰ ਜ਼ਿਆਦਾ ਦੇਰ ਤੱਕ ਲਈ ਰਾਸ ਨਾ ਆਈ।ਕਥਿਤ ਤੌਰ 'ਤੇ ਇਤਿਹਾਸਕਾਰ ਬਣੇ ਇਕਬਾਲ ਕੇਸਰ ਨੇ ਜਲਦੀ ਬਾਅਦ ਲਾਹੌਰ ਵਿਖੇ ਉੱਚ-ਪੱਧਰੀ ਸਮਾਗ਼ਮ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕਰਦੇ ਹੋਏ ਪਾਕਿਸਤਾਨੀ ਅਖ਼ਬਾਰਾਂ ਵਿਚ ਇਹ ਬਿਆਨ ਜਾਰੀ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਮਕਬਰਿਆਂ ਤੋਂ ਸੰਗਮਰਮਰ ਉਤਰਵਾ ਕੇ ਆਪਣੀ ਸਮਾਧ ਦੇ ਨਾਲ-ਨਾਲ ਗੁਰੂ ਅਰਜਨ ਸਿੰਘ (ਗੁਰੂ ਅਰਜਨ ਦੇਵ ਜੀ ਮਹਾਰਾਜ) ਨਾਲ ਸੰਬੰਧਿਤ ਗੁਰਦੁਆਰਾ ਡੇਹਰਾ ਸਾਹਿਬ 'ਚ ਲਗਵਾਇਆ ਸੀ।ਆਪਣੇ ਆਪ ਵਿਚ ਇਕਬਾਲ ਵਲੋਂ ਇਹ ਇਕ ਨਵਾਂ ਵਿਵਾਦ ਖੜ੍ਹਾ ਕੀਤਾ ਗਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਅਜੇ ਤੱਕ ਮੁਸਲਿਮ ਅਤੇ ਅੰਗਰੇਜ਼ ਲੇਖਕ ਪਿਛਲੇ 150 ਸਾਲਾਂ ਤੋਂ ਇਹੋ ਪ੍ਰਚਾਰ ਕਰਦੇ ਆ ਰਹੇ ਸਨ ਕਿ ਮਹਾਰਾਜੇ ਨੇ ਲਾਹੌਰ ਦੇ ਮਕਬਰਿਆਂ ਤੋਂ ਸੰਗਮਰਮਰ ਉਤਰਵਾ ਕੇ ਸਿਰਫ਼ ਅ੍ਿਰਮਤਸਰ ਸ੍ਰੀ ਹਰਿੰਮਦਰ ਸਾਹਿਬ ਵਿਖੇ ਹੀ ਲਗਵਾਇਆ ਸੀ।ਪਾਠਕ ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਇਕਬਾਲ ਸਹਿਤ ਹੋਰਨਾਂ ਪਾਕਿਸਤਾਨੀ ਲੇਖਕਾਂ ਦੁਆਰਾ 2 ਜੁਲਾਈ ਦੇ ਸਮਾਗਮ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਸੰਬੰਧੀ ਹੋਰ ਜੋ ਕੂੜ ਪ੍ਰਚਾਰ ਕੀਤਾ ਗਿਆ ਉਹ jang.com.pk/thenews/jun2009-weekly/nos-21-06-2009 ns/ punjabikhojgarh. blogspot. com/ 2009_ 07_ 01_ archive.htm
ਸਹਿਤ ਹੋਰਨਾਂ ਵੈਬ-ਸਾਈਟ 'ਤੇ ਵੀ ਪੜ੍ਹ ਸਕਦੇ ਹਨ।
ਇਹ ਸਮਾਂ ਇਕਬਾਲ ਜਾਂ ਇਕਬਾਲ ਜਿਹੇ ਹੀ ਹੋਰਨਾਂ ਪਾਕਿਸਤਾਨੀ ਲੇਖਕਾਂ ਦੀਆਂ ਉਪਰੋਕਤ ਗਲਤੀਆਂ ਨੂੰ ਨਜਰ-ਅੰਦਾਜ਼ ਕਰਨ ਦਾ ਨਹੀਂ ਹੈ ਬਲਕਿ ਹੁਣ ਪਾਕਿਸਤਾਨੀ ਲੇਖਕਾਂ ਨੂੰ ਅਜਿਹਾ ਨਿਰਾਧਾਰ ਤੇ ਭੱਦਾ ਪ੍ਰਚਾਰ ਬੰਦ ਕਰਨ ਲਈ ਸੱਖਤੀ ਨਾਲ ਚੇਤਾਵਨੀ ਦੇਣ ਦਾ ਹੈ।ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸੀਂ ਆਪਣੇ ਸੁਨਹਿਰੀ ਸਿੱਖ ਇਤਿਹਾਸ ਦੇ ਹੋਣ ਵਾਲੇ ਨੁਕਸਾਨ ਦੇ ਜਿੰਮੇਵਾਰ ਖੁੱਦ ਹੋਵਾਂਗੇ।